ਸੰਦੀਪ ਸਿੰਘ ਧੰਜੂ, ਸਰੀ : ਕੈਨੇਡਾ ਦੇ ਮੂਲ ਨਿਵਾਸੀਆਂ ਦੀ ਨਸਲਕੁਸ਼ੀ ਨੂੰ ਦਰਸਾਉਂਦੀ ਇਕ ਹੌਲਨਾਕ ਘਟਨਾ ਸਾਹਮਣੇ ਆਈ ਹੈ ਜਿਸ ਵਿਚ ਇਕ ਰਿਹਾਇਸ਼ੀ ਸਕੂਲ ਵਾਲੀ ਜਗ੍ਹਾ ਤੋਂ 215 ਬੱਚਿਆਂ ਦੇ ਪਿੰਜਰ ਬਰਾਮਦ ਕੀਤੇ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਇਥੋਂ ਨੇੜੇ ਦੇ ਸ਼ਹਿਰ ਕੈਮਲੂਪਸ ਵਿਚ ਮਿਲੇ ਇਹ ਪਿੰਜਰ ਉਨ੍ਹਾਂ ਬੱਚਿਆਂ ਦੇ ਹਨ ਜੋ ਕੈਨੇਡਾ ਦੇ ਮੂਲ ਵਾਸੀਆਂ ਦੇ ਬੱਚਿਆਂ ਲਈ ਬਣਾਏ ਰਿਹਾਇਸ਼ੀ ਸਕੂਲ ਵਿਚ ਪੜ੍ਹਦੇ ਸਨ । ਸਥਾਨਕ ਕਬੀਲੇ ਵੱਲੋਂ ਜਾਰੀ ਕੀਤੇ ਗਏ ਬਿਆਨ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਮੌਤਾਂ ਦਾ ਰਿਕਾਰਡ ਕਿਸੇ ਵੀ ਸਰਕਾਰੀ ਦਸਤਾਵੇਜ਼ ਵਿਚ ਨਹੀਂ ਹੈ। ਕਬੀਲੇ ਦੇ ਮੁਖੀ ਰੋਜ਼ੇਨ ਕੈਸੀਮੀਰ ਨੇ ਕਿਹਾ ਮਰਨ ਵਾਲਿਆਂ ਬੱਚਿਆਂ ਵਿਚੋਂ ਕੁਝ ਬੱਚੇ ਕੇਵਲ 3 ਸਾਲ ਦੀ ਉਮਰ ਦੇ ਸਨ। ਇਹਨਾਂ ਪਿੰਜਰਾਂ ਦਾ ਪਤਾ ਇਕ ਰਾਡਾਰ ਰਾਹੀਂ ਲਗਾਇਆ ਗਿਆ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਥਾਨਕ ਮਿਊਜ਼ੀਅਮ ਅਤੇ ਰਾਇਲ ਬ੍ਰਿਟਿਸ਼ ਕੋਲੰਬੀਆ ਮਿਊਜ਼ੀਅਮ ਮਿਲ ਕੇ ਇਨ੍ਹਾਂ ਮੌਤਾਂ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਦੱਸਣਯੋਗ ਹੈ ਕਿ 1890 ਤੋਂ ਕੈਨੇਡਾ ਵਿਚ ਅਜਿਹੇ ਸਕੂਲ ਚਲਦੇ ਰਹੇ ਸਨ ਅਤੇ ਇਸ ਸ਼ਹਿਰ ਦੇ ਇਸ ਸਕੂਲ ਵਿਚ ਸਭ ਤੋਂ ਵੱਧ 500 ਬੱਚੇ ਰਜਿਸਟਰਡ ਸਨ। 1969 ਵਿਚ ਕੈਨੇਡਾ ਸਰਕਾਰ ਨੇ ਈਸਾਈਆਂ ਤੋਂ ਇਹ ਸਕੂਲ ਆਪਣੇ ਪ੍ਰਬੰਧ ਹੇਠ ਲੈ ਲਏ ਅਤੇ ਹੌਲੀ ਹੌਲੀ ਬੰਦ ਕਰ ਦਿੱਤੇ।

ਇਸ ਸਬੰਧੀ ਕੈਨੇਡਾ ਸਰਕਾਰ ਵੱਲੋਂ ਬਣਾਏ ਕਮਿਸ਼ਨ ਨੇ 5 ਕੁ ਸਾਲ ਪਹਿਲਾਂ ਆਪਣੀ 4000 ਸਫਿਆਂ ਦੀ ਜਾਂਚ 'ਚ ਦੱਸਿਆ ਸੀ ਕਿ ਕਿਵੇਂ 3200 ਦੇ ਕਰੀਬ ਬੱਚੇ ਇਹ ਜ਼ੁਲਮ ਨਾ ਸਹਿੰਦਿਆਂ ਮਾਰੇ ਗਏ, ਜਦਕਿ ਕੁੱਲ ਬੱਚਿਆਂ ਦੀ ਗਿਣਤੀ ਹਜ਼ਾਰਾਂ 'ਚ ਹੈ ।

Posted By: Tejinder Thind