ਕਮਲਜੀਤ ਬੁੱਟਰ, ਕੈਲਗਰੀ : ਕੈਨੇਡਾ 'ਚ ਭਾਰਤੀ ਮੂਲ ਦੇ ਸਿੱਖ ਐੱਮਪੀ ਜਗਮੀਤ ਸਿੰਘ ਨੂੰ ਇਕ ਐੱਮਪੀ ਨੂੰ 'ਨਸਲਵਾਦੀ' ਕਹਿਣ 'ਤੇ ਹਾਊਸ ਆਫ ਕਾਮਨਜ਼ ਤੋਂ ਬਾਹਰ ਕੱਢ ਦਿੱਤਾ ਗਿਆ। ਮੀਡੀਆ ਰਿਪੋਰਟ ਅਨੁਸਾਰ ਜਗਮੀਤ ਸਿੰਘ ਨੇ ਜਦੋਂ ਪੁਲਿਸ ਫੋਰਸ ਵਿਚੋਂ 'ਨਸਲਵਾਦ' ਖ਼ਤਮ ਕਰਨ ਬਾਰੇ ਮਤੇ 'ਤੇ ਸਮਰਥਨ ਦੀ ਮੰਗ ਕੀਤੀ ਸੀ ਤਾਂ ਉਸ ਐੱਮਪੀ ਨੇ ਨਾਂਹ ਕਰ ਦਿੱਤੀ, ਜਿਸ ਕਾਰਨ ਜਗਮੀਤ ਸਿੰਘ ਨੇ ਉਸ ਨੂੰ 'ਨਸਲਵਾਦੀ' ਕਿਹਾ। ਨਿਊ ਡੈਮੋਕ੍ਰੇਟਿਕ ਪਾਰਟੀ (ਐੱਨਡੀਪੀ) ਦੇ ਆਗੂ ਜਗਮੀਤ ਸਿੰਘ ਨੇ ਸੰਸਦ ਵਿੱਚੋਂ ਕੱਢੇ ਜਾਣ 'ਤੇ ਕਿਹਾ ਕਿ ਉਹ ਬਲਾਕ ਕੁਏਬੈਕ ਹਾਊਸ ਲੀਡਰ ਅਲੈਨ ਥੇਰੀਅਨ ਨੂੰ 'ਨਸਲਵਾਦੀ' ਕਹਿਣ ਦੇ ਆਪਣੇ ਸ਼ਬਦਾਂ 'ਤੇ ਅਜੇ ਵੀ ਕਾਇਮ ਹਨ। ਸੀਟੀਵੀ ਨਿਊਜ਼ ਦੀ ਰਿਪੋਰਟ ਅਨੁਸਾਰ ਜਗਮੀਤ ਸਿੰਘ ਨੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐੱਮਪੀ) 'ਚ ਨਸਲਵਾਦ 'ਤੇ ਮਤੇ 'ਤੇ ਥੇਰੀਅਨ ਦਾ ਸਮਰਥਨ ਮੰਗਿਆ ਸੀ। ਉਸ ਦੇ ਨਾਂਹ ਕਰਨ 'ਤੇ ਮੈਨੂੰ ਗੁੱਸਾ ਆ ਗਿਆ ਤੇ ਮੈਂ ਉਸ ਨੂੰ 'ਨਸਲਵਾਦੀ' ਕਿਹਾ। ਮੈਂ ਆਪਣੇ ਸ਼ਬਦਾਂ 'ਤੇ ਅਜੇ ਵੀ ਕਾਇਮ ਹਾਂ। ਜਗਮੀਤ ਸਿੰਘ ਉਕਤ ਮਤੇ ਨੂੰ ਹਾਊਸ ਆਫ ਕਾਮਨਜ਼ 'ਚ ਸਰਬਸੰਮਤੀ ਨਾਲ ਪਾਸ ਕਰਵਾਉਣਾ ਚਾਹੁੰਦੇ ਸਨ। ਜਗਮੀਤ ਸਿੰਘ ਇਸ ਮਤੇ ਰਾਹੀਂ ਪੂਰੀ ਪੁਲਿਸ ਫੋਰਸ ਦੇ ਕੰਮਕਾਜ ਦਾ ਰੀਵਿਊ ਕਰਵਾਉਣਾ ਚਾਹੁੰਦੇ ਸਨ। ਸਾਰੀਆਂ ਪਾਰਟੀਆਂ ਨੇ ਇਸ ਮਤੇ ਦਾ ਸਮਰਥਨ ਕੀਤਾ ਪ੍ਰੰਤੂ ਬਲਾਕ ਕੁਏਬੈਕ ਦੇ ਆਗੂ ਨੇ ਇਸ ਲਈ ਨਾਂਹ ਕਰ ਦਿੱਤੀ। ਇਸ ਮੌਕੇ ਜਗਮੀਤ ਸਿੰਘ ਤੇ ਥੇਰੀਅਨ ਵਿਚਕਾਰ ਗਰਮ ਬਹਿਸ ਹੋਈ ਤੇ ਬਲਾਕ ਕੁਏਬੈਕ ਐੱਮ ਪੀ ਤੇ ਪਾਰਟੀ ਵਿ੍ਹਪ ਕਲਾਊਡ ਡੇਬੈਲੇਫਿਊਲੀ ਨੇ ਹਾਊਸ ਆਫ ਕਾਮਨਜ਼ ਦੇ ਸਪੀਕਰ ਐਂਥਨੀ ਰੋਟਾ ਨੂੰ ਕਿਹਾ ਕਿ ਉਹ ਜਗਮੀਤ ਸਿੰਘ ਖ਼ਿਲਾਫ਼ ਕਾਰਵਾਈ ਕਰਨ, ਕਿਉਂਕਿ ਉਨ੍ਹਾਂ ਨੇ ਉਨ੍ਹਾਂ ਦੇ ਐੱਮਪੀ ਲਈ ਗ਼ੈਰ ਪਾਰਲੀਮਾਨੀ ਭਾਸ਼ਾ ਦੀ ਵਰਤੋਂ ਕਰਦਿਆਂ ਉਸ ਨੂੰ 'ਨਸਲਵਾਦੀ' ਕਿਹਾ ਹੈ। ਜਗਮੀਤ ਸਿੰਘ ਉਸ ਸਮੇਂ ਆਪਣੀ ਸੀਟ 'ਤੇ ਖੜ੍ਹੇ ਹੋਏ ਤੇ ਕਿਹਾ ਕਿ ਇਹ ਸੱਚ ਹੈ ਕਿ ਮੈਂ ਉਸ ਐੱਮਪੀ ਨੂੰ ਨਸਲਵਾਦੀ ਕਿਹਾ ਹੈ। ਸਪੀਕਰ ਨੇ ਜਦੋਂ ਜਗਮੀਤ ਸਿੰਘ ਨੂੰ ਮਾਫ਼ੀ ਮੰਗਣ ਲਈ ਕਿਹਾ। ਸਿੰਘ ਨੇ ਮਾਫ਼ੀ ਮੰਗਣ ਤੋਂ ਇਨਕਾਰ ਕੀਤਾ ਤਾਂ ਸਪੀਕਰ ਰੋਟਾ ਨੇ ਕਿਹਾ ਕਿ ਜਗਮੀਤ ਸਿੰਘ ਨੂੰ ਦਿਨ ਦੀ ਬਾਕੀ ਕਾਰਵਾਈ 'ਚ ਬੈਠੇ ਰਹਿਣ ਦਾ ਅਧਿਕਾਰ ਨਹੀਂ। ਸੰਸਦ ਤੋਂ ਬਾਹਰ ਆ ਕੇ ਜਗਮੀਤ ਸਿੰਘ ਨੇ ਕਿਹਾ ਕਿ ਜਦੋਂ ਕੈਨੇਡਾ ਵਿਚ ਸਿਆਹਫਾਮ ਲੋਕਾਂ ਦੇ ਕਤਲ ਹੋ ਰਹੇ ਹਨ ਤੇ ਸਾਡੀ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਤਾਂ ਅਸੀਂ ਇਸ ਬਾਰੇ ਸੰਸਦ ਵਿਚ ਸਵਾਲ ਤਾਂ ਚੁੱਕਣਾ ਹੀ ਹੈ। ਜੇਕਰ ਕੋਈ ਐੱਮਪੀ ਅਜਿਹੇ ਮਤੇ ਦਾ ਵਿਰੋਧ ਕਰਦਾ ਹੈ ਤਾਂ ਉਸ ਨੂੰ 'ਨਸਲਵਾਦੀ' ਹੀ ਕਹਾਂਗਾ।