ਟਰਾਂਟੋ (ਪੀਟੀਆਈ) : ਕੈਨੇਡਾ 'ਚ ਰਹਿਣ ਵਾਲੇ ਦੋ ਸਿੱਖ ਡਾਕਟਰ ਭਰਾਵਾਂ ਨੇ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਮਰੀਜ਼ਾਂ ਦੇ ਇਲਾਜ ਲਈ ਆਪਣੀ ਦਾੜ੍ਹੀ ਕਟਵਾਉਣ ਦਾ ਮੁਸ਼ਕਲ ਫ਼ੈਸਲਾ ਕੀਤਾ। ਇਨਫੈਕਟਿਡ ਮਰੀਜ਼ਾਂ ਦਾ ਇਲਾਜ ਕਰਨ ਲਈ ਮੈਡੀਕਲ ਸ਼੍ਰੇਣੀ ਦਾ ਸੁਰੱਖਿਆਤਮਕ ਮਾਸਕ ਪਾਉਣਾ ਲਾਜ਼ਮੀ ਹੈ। ਇਸੇ ਕਾਰਨ ਸਿੱਖ ਡਾਕਟਰਾਂ ਨੇ ਇਹ ਫ਼ੈਸਲਾ ਕੀਤਾ ਹੈ।

ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਮਾਂਟਰੀਅਲ 'ਚ ਰਹਿਣ ਵਾਲੇ ਡਾਕਟਰ ਸੰਜੀਤ ਸਿੰਘ ਸਲੂਜਾ ਤੇ ਉਨ੍ਹਾਂ ਦੇ ਨਿਊਰੋਸਰਜਨ ਭਰਾ ਰਣਜੀਤ ਸਿੰਘ ਨੇ ਧਾਰਮਿਕ ਸਲਾਹ, ਪਰਿਵਾਰ ਤੇ ਦੋਸਤਾਂ ਨਾਲ ਸੰਪਰਕ ਕਰਨ ਤੋਂ ਬਾਅਦ ਦਾੜ੍ਹੀ ਕਟਵਾਉਣ ਦਾ ਫ਼ੈਸਲਾ ਕੀਤਾ। ਮੈਕਗਿਲ ਯੂਨੀਵਰਸਿਟੀ ਹੈਲਥ ਸੈਂਟਰ (ਐੱਮਯੂਐੱਚਸੀ) ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਸਿੱਖ ਹੋਣ ਦੇ ਕਾਰਨ ਦਾੜ੍ਹੀ ਉਨ੍ਹਾਂ ਦੀ ਪਛਾਣ ਦਾ ਇਕ ਮਹੱਤਵਪੂਰ ਹਿੱਸਾ ਹੈ ਪਰ ਇਸ ਨਾਲ ਉਨ੍ਹਾਂ ਨੂੰ ਮਾਸਕ ਪਾਉਣ 'ਚ ਦਿੱਕਤ ਆਉਂਦੀ ਸੀ। ਬਹੁਤ ਸੋਚ ਵਿਚਾਰ ਤੋਂ ਬਾਅਦ ਉਨ੍ਹਾਂ ਆਪਣੀ ਦਾੜ੍ਹੀ ਕਟਵਾਉਣ ਦਾ ਫ਼ੈਸਲਾ ਕੀਤਾ।

ਐੱਮਯੂਐੱਚਸੀ ਦੀ ਵੈੱਬਸਾਈਟ 'ਤੇ ਇਕ ਵੀਡੀਓ ਪੋਸਟ ਕਰਦੇ ਹੋਏ ਸੰਜੀਤ ਸਿੰਘ ਨੇ ਕਿਹਾ ਕਿ ਅਸੀਂ ਕੰਮ ਨਾ ਕਰਨ ਦਾ ਬਦਲ ਚੁਣ ਸਕਦੇ ਸੀ। ਕੋਵਿਡ ਮਰੀਜ਼ਾਂ ਨੂੰ ਦੇਖਣ ਤੋਂ ਮਨ੍ਹਾ ਕਰ ਸਕਦੇ ਸੀ ਪਰ ਇਹ ਡਾਕਟਰ ਦੇ ਰੂਪ ਵਿਚ ਚੁੱਕੀ ਗਈ ਸਹੁੰ ਤੇ ਸੇਵਾ ਦੇ ਸਿਧਾਂਤਾਂ ਦੇ ਖ਼ਿਲਾਫ਼ ਹੁੰਦਾ। ਸਲੂਜਾ ਨੇ ਕਿਹਾ ਕਿ ਸਾਡੇ ਲਈ ਬਹੁਤ ਮੁਸ਼ਕਲ ਫ਼ੈਸਲਾ ਸੀ ਪਰ ਸਾਨੂੰ ਇਹ ਮਹਿਸੂਸ ਹੋਇਆ ਕਿ ਮੌਜੂਦਾ ਸਮੇਂ 'ਚ ਇਹ ਸਭ ਤੋਂ ਜ਼ਰੂਰੀ ਹੈ।

Posted By: Jagjit Singh