ਸੰਦੀਪ ਸਿੰਘ ਧੰਜੂ, ਸਰੀ : ਕੈਨੇਡਾ 'ਚ ਸਿੱਖ ਭਾਈਚਾਰੇ ਦੇ ਲੋਕ ਹਰ ਖੇਤਰ 'ਚ ਮਜ਼ਬੂਤੀ ਨਾਲ ਪੈਰ ਜਮਾਉਣ ਦੇ ਨਾਲ-ਨਾਲ ਸਿਆਸਤ ਦਾ ਵੀ ਅਹਿਮ ਹਿੱਸਾ ਬਣ ਚੁੱਕੇ ਹਨ। ਇਹੀ ਕਾਰਨ ਹੈ ਕਿ ਕੈਨੇਡਾ ਦੀਆਂ 3 ਵੱਡੀਆਂ ਸਿਆਸੀ ਪਾਰਟੀਆਂ ਦੇ ਸੱਤਾ 'ਤੇ ਕਾਬਜ਼ ਹੋਣ ਦੀ ਆਸ ਸਿੱਖ ਭਾਈਚਾਰੇ ਦੇ ਲੋਕਾਂ 'ਚ ਬਣੀ ਹੋਈ ਹੈ। ਤਿੰਨਾਂ ਪਾਰਟੀਆਂ ਨੂੰ ਉਮੀਦ ਹੈ ਕਿ ਚੋਣਾਂ 'ਚ ਉਨ੍ਹਾਂ ਦੀ ਕਿਸ਼ਤੀ ਸਿੱਖ ਉਮੀਦਵਾਰ ਹੀ ਪਾਰ ਲਗਾਉਣਗੇ।

ਦੱਸਣਯੋਗ ਹੈ ਕਿ ਕੈਨੇਡਾ ਦੀ 43ਵੀਂ ਸੰਸਦ ਲਈ 21 ਅਕਤੂਬਰ 2019 ਨੂੰ ਚੋਣਾਂ 'ਚ ਕੁੱਲ 338 ਸੰਸਦ ਮੈਂਬਰ ਚੁਣੇ ਜਾਣਗੇ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਚੋਣਾਂ 'ਚ ਇਸ ਵਾਰ 50 ਤੋਂ ਜ਼ਿਆਦਾ ਉਮੀਦਵਾਰ ਪੰਜਾਬ ਦੇ ਹਨ। ਜਿਸ 'ਚ 18 ਪੰਜਾਬੀ ਔਰਤਾਂ ਵੀ ਸ਼ਾਮਲ ਹਨ। ਤਿੰਨੋਂ ਸਿਆਸੀ ਦਲ ਲਿਬਰਲ ਪਾਰਟੀ, ਕੰਜ਼ਰਵੇਟਿਵ ਅਤੇ ਨਿਊ ਡੈਮੋਕ੍ਰੇਟਿਕ ਪਾਰਟੀ ਨੇ ਪੰਜਾਬੀ ਭਾਈਚਾਰੇ ਦੇ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਹਨ। ਪੰਜਾਬੀਆਂ ਦਾ ਗੜ੍ਹ ਜਾਣੇ ਜਾਂਦੇ ਬਿ੍ਟਿਸ਼ ਕੋਲੰਬੀਆ 'ਚ 4 ਪੰਜਾਬਣਾਂ ਵੀ ਮੈਦਾਨ 'ਚ ਹਨ। ਇੱਥੇ ਜ਼ਿਕਰਯੋਗ ਹੈ ਕਿ ਪਿਛਲੀਆਂ ਆਮ ਚੋਣਾਂ 'ਚ ਪੰਜਾਬੀ ਵੋਟਰਾਂ ਦਾ ਫ਼ੀਸਦੀ 9 ਤੋਂ ਵਧ ਕੇ ਇਸ ਵਾਰ 13 ਫ਼ੀਸਦੀ ਹੋ ਗਿਆ ਹੈ।