ਸੰਦੀਪ ਸਿੰਘ ਧੰਜੂ, ਸਰੀ : ਕੈਨੇਡਾ 'ਚ ਵੱਡੀ ਗਿਣਤੀ 'ਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੋ ਕੇ ਪਨਾਹ ਮੰਗਣ ਵਾਲੇ ਪਰਵਾਸੀਆਂ 'ਚੋਂ ਸਿਰਫ਼ 900 ਨੂੰ ਹੀ ਪਿਛਲੇ ਢਾਈ ਸਾਲ ਦੌਰਾਨ ਡਿਪੋਰਟ ਕੀਤਾ ਜਾ ਸਕਿਆ ਹੈ। ਇਹ ਪ੍ਰਗਟਾਵਾ ਫੈਡਰਲ ਸਰਕਾਰ ਦੇ ਤਾਜ਼ਾ ਅੰਕੜਿਆਂ 'ਚ ਕੀਤਾ ਗਿਆ। 2017 ਦੇ ਸ਼ੁਰੂ ਤੋਂ ਇਸ ਸਾਲ ਮਈ ਦੇ ਅੰਤ ਤਕ 45 ਹਜ਼ਾਰ ਪਰਵਾਸੀਆਂ ਨੇ ਗ਼ੈਰਕਾਨੂੰਨੀ ਤਰੀਕੇ ਨਾਲ ਕੈਨੇਡਾ ਦੀ ਧਰਤੀ 'ਤੇ ਕਦਮ ਰੱਖਿਆ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਦਲੀਲ ਦਿੱਤੀ ਹੈ ਕਿ ਪਨਾਹ ਮੰਗਣ ਵਾਲੇ ਕਿਸੇ ਪਰਵਾਸੀ ਨੂੰ ਉਦੋਂ ਹੀ ਡਿਪੋਰਟ ਕਰਨ ਦੇ ਹੁਕਮ ਦਿੱਤੇ ਜਾ ਸਕਦੇ ਹਨ, ਜਦੋਂ ਕੈਨੇਡਾ 'ਚ ਉਸ ਦੇ ਰਹਿਣ ਦੇ ਸਾਰੇ ਕਾਨੂੰਨੀ ਰਾਹ ਬੰਦ ਹੋ ਜਾਣ। ਬਾਰਡਰ ਸੁਰੱਖਿਆ ਮੰਤਰੀ ਬਿਲ ਬਲੇਅਰ ਦੀ ਤਰਜਮਾਨ ਮੈਰੀ ਇਮੈਨੁਅਲ ਨੇ ਕਿਹਾ ਕਿ ਦੇਸ਼ ਨਿਕਾਲੇ ਦੇ ਹੁਕਮਾਂ ਤੋਂ ਪਹਿਲਾਂ ਹਰ ਨਾਜਾਇਜ਼ ਸ਼ਰਨਾਰਥੀ ਨਿਆਂਇਕ ਸਮੀਖਿਆ, ਪ੍ਰਸ਼ਾਸਕੀ ਸਮੀਖਿਆ ਤੇ ਹੋਰ ਕਾਨੂੰਨੀ ਤਰੀਕੇ ਅਪਨਾਉਣ ਦੀ ਕੋਸ਼ਿਸ਼ ਕਰਦਾ ਹੈ ਕਿਉਂਕਿ ਹਰ ਪਰਵਾਸੀ ਦੇਸ਼ ਨਿਕਾਲੇ ਦੇ ਹੁਕਮਾਂ ਤੋਂ ਪਹਿਲਾਂ ਸੰਪੂਰਨ ਕਾਨੂੰਨੀ ਪ੍ਰਕਿਰਿਆ 'ਚ ਲੰਘਣ ਦਾ ਹੱਕਦਾਰ ਹੈ। ਦੱਸਣਯੋਗ ਹੈ ਕਿ ਲਿਬਰਲ ਸਰਕਾਰ ਨੇ ਇਨ੍ਹਾਂ ਨੂੰ ਗ਼ੈਰਕਾਨੂੰਨੀ ਪਰਵਾਸੀ ਮੰਨਣ ਦੀ ਬਜਾਏ ਗ਼ੈਰ ਨਿਯਮਬੱਧ ਪਰਵਾਸੀ ਕਰਾਰ ਦਿੱਤਾ ਹੋਇਆ ਹੈ। ਇਮੀਗ੍ਰੇਸ਼ਨ ਤੇ ਰਫਿਊਜੀ ਬੋਰਡ ਆਪਣੇ ਕੋਲ ਆਏ ਦਾਅਵਿਆਂ 'ਚੋਂ ਸਿਰਫ਼ 33 ਫ਼ੀਸਦੀ ਮਾਮਲਿਆਂ ਦਾ ਨਿਪਟਾਰਾ ਕਰਨ 'ਚ ਹੀ ਸਫਲ ਰਿਹਾ। ਇਨ੍ਹਾਂ 'ਚੋਂ 6885 ਦਾਅਵੇ ਪ੍ਰਵਾਨ ਕੀਤੇ ਗਏ ਜਦਕਿ 5650 ਰੱਦ ਕਰ ਦਿੱਤੇ ਗਏ। 1322 ਦਾਅਵੇ ਵਾਪਸ ਲੈ ਲਏ ਜਾਂ ਇਨ੍ਹਾਂ ਨੂੰ ਵਿਚਾਲੇ ਛੱਡ ਦਿੱਤਾ ਗਿਆ।