ਸੰਦੀਪ ਸਿੰਘ ਧੰਜੂ, ਸਰੀ/ਜਲੰਧਰ : ਬੀਤੇ ਦਿਨੀਂ ਸਰੀ 'ਚ ਕਤਲ ਹੋਈ ਜਲੰਧਰ ਦੀ ਕੁੜੀ ਪ੍ਰਭਲੀਨ ਕੌਰ ਮਠਾੜੂ ਬਾਰੇ ਖੁਲਾਸਾ ਹੋਇਆ ਹੈ ਕਿ ਮ੍ਰਿਤਕਾ ਵਿਆਹੀ ਹੋਈ ਸੀ ਤੇ ਉਸ ਦੇ ਪਤੀ ਨੇ ਹੀ ਉਸ ਦਾ ਕਤਲ ਕੀਤਾ ਹੈ। ਪ੍ਰਭਲੀਨ ਦੀ ਲਾਸ਼ ਵਾਪਸ ਪੰਜਾਬ ਲੈ ਜਾਣ ਲਈ ਸਰੀ ਪਹੁੰਚੇ ਉਸ ਦੇ ਪਿਤਾ ਗੁਰਦਿਆਲ ਸਿੰਘ ਮਠਾੜੂ ਨੇ ਦੱਸਿਆ ਕਿ ਪੜ੍ਹਾਈ ਲਈ ਕੈਨੇਡਾ ਆਈ ਉਨ੍ਹਾਂ ਦੀ ਧੀ ਨੇ ਪੀਟਰ ਨਾਂ ਦੇ ਇਕ ਗੋਰੇ ਨਾਲ ਵਿਆਹ ਕਰਵਾ ਲਿਆ ਸੀ ਤੇ ਇਹ ਵਿਆਹ ਪਰਿਵਾਰ ਦੀ ਮਰਜ਼ੀ ਨਾਲ ਹੀ ਹੋਇਆ ਸੀ। ਪੀਟਰ ਦੀ ਉਮਰ 18 ਸਾਲ ਸੀ, ਜਿਸ ਕਰਕੇ ਦੋਵਾਂ ਨੇ ਬ੍ਰਿਟਿਸ਼ ਕੋਲੰਬੀਆ ਦੀ ਬਜਾਇ ਅਲਬਰਟਾ ਜਾ ਕੇ ਕਨੂੰਨ ਮੁਤਾਬਕ ਕੋਰਟ ਮੈਰਿਜ ਕਰਵਾ ਲਈ ਸੀ ਕਿਉਂਕਿ ਬ੍ਰਿਟਿਸ਼ ਕੋਲੰਬੀਆ 'ਚ ਵਿਆਹ ਕਰਵਾਉਣ ਦੀ ਕਾਨੂੰਨੀ ਉਮਰ 19 ਸਾਲ ਹੈ।

ਜ਼ਿਕਰਯੋਗ ਹੈ ਕਿ ਪ੍ਰਭਲੀਨ ਦੇ ਕਤਲ ਵਾਲੇ ਦਿਨ ਘਰ 'ਚੋਂ ਇਕ 18 ਸਾਲਾ ਨੌਜਵਾਨ ਦੀ ਲਾਸ਼ ਵੀ ਮਿਲੀ ਸੀ ਜੋ ਕਿ ਉਸ ਦੇ ਪਤੀ ਪੀਟਰ ਦੀ ਸੀ। ਪ੍ਰਭਲੀਨ ਦੇ ਪਿਤਾ ਨੇ ਦੱਸਿਆ ਕਿ ਕਤਲ ਲਈ ਵਰਤਿਆ ਗਿਆ ਪਿਸਤੌਲ ਪੀਟਰ ਨੇ ਉਸੇ ਦਿਨ ਖਰੀਦਿਆ ਸੀ ਅਤੇ ਇਸ ਦਾ ਲਾਇਸੈਂਸ ਉਸ ਕੋਲ ਪਹਿਲਾਂ ਹੀ ਸੀ। ਇਸ ਪਿਸਤੌਲ ਨਾਲ ਉਸ ਨੇ ਤਿੰਨ ਗੋਲ਼ੀਆਂ ਪ੍ਰਭਲੀਨ ਨੂੰ ਮਾਰੀਆਂ ਤੇ ਬਾਅਦ ਵਿਚ ਆਪਣੇ ਆਪ ਨੂੰ ਵੀ ਗੋਲ਼ੀ ਮਾਰ ਲਈ। ਇਸ ਘਟਨਾ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਇਸ ਸਬੰਧੀ ਉਨ੍ਹਾਂ ਪੁਲਿਸ ਨੂੰ ਜਾਂਚ ਕਰ ਕੇ ਅਸਲੀਅਤ ਸਾਹਮਣੇ ਲਿਆਉਣ ਦੀ ਬੇਨਤੀ ਕੀਤੀ ਹੈ।

Posted By: Seema Anand