ਸੰਦੀਪ ਸਿੰਘ ਧੰਜੂ, ਸਰੀ : ਬ੍ਰਿਟਿਸ਼ ਕੋਲੰਬੀਆ ਦੀਆਂ ਪਿਛਲੀਆਂ ਚੋਣਾਂ ਵਿੱਚ ਅਹਿਮ ਮੁੱਦਾ ਰਹੇ ਸਰੀ ਅਤੇ ਲੈਂਗਲੀ ਸ਼ਹਿਰਾਂ ਦਰਮਿਆਨ ਸਕਾਈਟਰੇਨ ਪ੍ਰਾਜੈਕਟ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਸਰੀ ਪੁੱਜੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਦੀ ਉਸਾਰੀ ਲਈ ਫੈਡਰਲ ਸਰਕਾਰ ਵਲੋ 1.3 ਅਰਬ ਡਾਲਰ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ। ਦੱਸਣਯੋਗ ਹੈ ਕਿ ਇਸ ਪ੍ਰਾਜੈਕਟ ਉਤੇ ਕੁੱਲ 3.84 ਅਰਬ ਡਾਲਰ ਦਾ ਖਰਚਾ ਆਵੇਗਾ ਅਤੇ ਇਸ ਦੇ 2025 ਤੱਕ ਮੁਕੰਮਲ ਹੋਣ ਦਾ ਅਨੁਮਾਨ ਹੈ।

ਸਰੀ ਵਿਚਲੇ ਕਿੰਗ ਜਾਰਜ ਸਟੇਸ਼ਨ ਤੋਂ ਲੈਂਗਲੀ ਦੀ 203 ਸਟ੍ਰੀਟ ਤੱਕ 16 ਕਿਲੋਮੀਟਰ ਲੰਬੀ ਇਸ ਸਕਾਈਟਰੇਨ ਲਾਈਨ ਦਰਮਿਆਨ 8 ਸਟੇਸ਼ਨ ਹੋਣਗੇ ਅਤੇ ਤਿੰਨ ਬੱਸ ਸਟਾਪ ਬਣਨਗੇ।

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਵਾਜਾਈ ਲਈ ਵਾਹਨਾਂ ਦੀ ਲਗਾਤਾਰ ਗਿਣਤੀ ਦੇ ਚੱਲਦਿਆਂ ਅਜਿਹੇ ਪ੍ਰਾਜੈਕਟ ਸਮੇਂ ਦੀ ਲੋੜ ਹਨ ਅਤੇ ਇਸ ਦੇ ਬਣ ਜਾਣ ਨਾਲ ਹਜਾਰਾਂ ਨੌਕਰੀਆਂ ਵੀ ਪੈਦਾ ਹੋਣਗੀਆਂ। ਬ੍ਰਿਟਿਸ਼ ਕੋਲੰਬੀਆ ਪ੍ਰੀਮੀਅਰ ਜੌਨ ਹੌਰਗਨ ਨੇ ਕਿਹਾ ਕਿ ਅਸੀਂ ਆਮ ਜਨਤਾ ਦੀ ਮੋਟਰਕਾਰਾਂ ਉਤੇ ਨਿਰਭਰਤਾ ਘਟਾਉਣੀ ਚਾਹੁੰਦੇ ਹਾਂ । ਇਸ ਸਕਾਈਟਰੇਨ ਦੇ ਚਾਲੂ ਹੋਣ ਨਾਲ ਜਿਥੇ ਦੋਹਾਂ ਸ਼ਹਿਰਾਂ ਦਾ ਕੁਨੈਕਸ਼ਨ ਹੋਰ ਵੀ ਮਜਬੂਤ ਹੋਵੇਗਾ ਉਥੇ ਕਾਰਬਨ ਗੈਸਾਂ ਦੀ ਕਟੌਤੀ ਕਾਰਨ ਵਾਤਾਵਰਣ ਨੂੰ ਵੀ ਲਾਭ ਪਹੁੰਚੇਗਾ। ਇਸ ਤਰਾਂ ਇਹ ਪ੍ਰਾਜੈਕਟ ਹੁਣ ਅਤੇ ਅਗਲੀ ਪੀੜ੍ਹੀ ਲਈ ਵਰਦਾਨ ਸਿੱਧ ਹੋਵੇਗਾ।

ਇਸ ਮੌਕੇ ਫੈਡਰਲ ਬੁਨਿਆਦੀ ਢਾਂਚਾ ਮੰਤਰੀ ਕੈਥਰੀਨ ਮਕੈਨਾ, ਸਰੀ ਦੇ ਮੇਅਰ ਡੱਗ ਮੈਕੱਲਮ, ਐਮ ਪੀ ਰਣਦੀਪ ਸਿੰਘ ਸਰਾਏ, ਸੁੱਖ ਧਾਲੀਵਾਲ ਤੇ ਹੋਰ ਸਿਆਸਤਦਾਨ ਤੇ ਆਗੂ ਵੀ ਮੌਜੂਦ ਸਨ। ਪ੍ਰਧਾਨ ਮੰਤਰੀ ਦੁਆਰਾ ਸਰੀ ਦੇ ਦੋ ਰੋਜ਼ਾ ਇਸ ਦੌਰੇ ਨੂੰ ਆਉਣ ਵਾਲੀਆਂ ਫੈਡਰਲ ਚੋਣਾਂ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ।

Posted By: Tejinder Thind