ਮਿਸੀਸਾਗਾ (ਉਨਟਾਰੀਓ, ਕੈਨੇਡਾ): ਕੈਨੇਡੀਅਨ ਸੂਬੇ ਓਂਟਾਰੀਓ ਦੇ ਮਹਾਨਗਰ ਟੋਰਾਂਟੋ ਦੇ ਉੱਪਨਗਰਾਂ ਬਰੈਂਪਟਨ, ਮਿਸੀਸਾਗਾ ਅਤੇ ਹੋਰ ਲਾਗਲੇ ਇਲਾਕਿਆਂ 'ਚ ਵੱਡੀ ਗਿਣਤੀ ਵਿੱਚ ਵਸਦੀ ਸਿੱਖ ਸੰਗਤ ਨੇ ਬੀਤੇ ਦਿਨੀਂ ਵਿਸਾਖੀ ਮੌਕੇ ਨਗਰ ਕੀਰਤਨ ਸਜਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੀਲ ਪੁਲਿਸ ਦੇ ਮੁਖੀ ਸ੍ਰੀ ਨਿਸ਼ਾਨ ਦੁਰਈਅੱਪਾ (ਜੋ ਸ੍ਰੀਲੰਕਾ ਮੂਲ ਦੇ ਹਨ) ਨੇ ਵੀ ਆਪਣੀ ਟੀਮ ਸਮੇਤ ਸ਼ਿਰਕਤ ਕੀਤੀ।

ਇਹ ਨਗਰ ਕੀਰਤਨ ਓਂਟਾਰੀਓ ਸੂਬੇ ਦੇ ਵੱਖੋ–ਵੱਖਰੇ ਗੁਰਦੁਆਰਾ ਸਾਹਿਬਾਨ ਵੱਲੋਂ ਸਜਾਇਆ ਗਿਆ ਸੀ। ਦੁਰਈਅੱਪਾ ਤੇ ਅਜਿਹੀਆਂ ਹੋਰ ਅਨੇਕ ਪ੍ਰਮੁੱਖ ਸ਼ਖ਼ਸੀਅਤਾਂ ਦੀ ਮੌਜੂਦਗੀ ਸਦਕਾ ਸੰਗਤ ਡਾਢੀ ਖ਼ੁਸ਼ ਵਿਖਾਈ ਦਿੱਤੀ।

ਕੈਨੇਡਾ ਵਿੱਚ ਸਮੁੱਚੇ ਅਪ੍ਰੈਲ ਮਹੀਨੇ ਖ਼ਾਲਸਾ ਪੰਥ ਦੀ ਸਾਜਨਾ ਭਾਵ ਵਿਸਾਖੀ ਮੌਕੇ ਨਗਰ ਕੀਰਤਨ ਤੇ ਹੋਰ ਬਹੁਤ ਸਾਰੇ ਧਾਰਮਿਕ ਸਮਾਰੋਹ ਚੱਲਦੇ ਰਹਿੰਦੇ ਹਨ। ਸੰਗਤ ਆਮ ਤੌਰ 'ਤੇ ਸ਼ਨਿਚਰਵਾਰ ਤੇ ਐਤਵਾਰ ਭਾਵ ਵੀਕਐਂਡ ਨੂੰ ਹੀ ਇਕੱਠੀ ਹੁੰਦੀ ਹੈ ਤੇ ਅਜਿਹੇ ਵੱਡੇ ਸਮਾਰੋਹਾਂ ਵਿੱਚ ਭਾਗ ਲੈਂਦੀ ਹੈ।

ਚੀਫ਼ ਦੁਰਈਅੱਪਾ ਨੇ ਇਸ ਮੌਕੇ ਸੰਗਤ ਨਾਲ ਸੈਲਫ਼ੀ ਵੀ ਲਈ, ਜੋ ਤੁਸੀਂ ਇੱਥੇ ਉਪਰੋਕਤ ਤਸਵੀਰ ਵਿੱਚ ਵੇਖ ਸਕਦੇ ਹੋ। ਇਸ ਮੌਕੇ ਪੀਲ ਪੁਲਿਸ ਸਰਵਿਸੇਜ਼ ਬੋਰਡ ਦੇ ਚੇਅਰਪਰਸਨ ਰੌਨ ਚੱਠਾ ਤੇ ਮੀਡੀਆ ਸਹਿਯੋਗੀ ਜਗਦੀਸ਼ ਗਰੇਵਾਲ ਤੇ ਪੀਲ ਪੁਲਿਸ ਫੋਰਸ ਦੇ ਹੋਰ ਅਧਿਕਾਰੀ ਵੀ ਵਿਖਾਈ ਦੇ ਰਹੇ ਹਨ।

Posted By: Sandip Kaur