ਜਰਨੈਲ ਬਸੋਤਾ, ਐਡਮਿੰਟਨ : ਉੱਘੇ ਸਿੱਖ ਵਿਦਵਾਨ ਤੇ ਨਾਨਕਸ਼ਾਹੀ ਕੈਲੰਡਰ ਬਣਾਉਣ ਵਾਲੇ ਪਾਲ ਸਿੰਘ ਪੁਰੇਵਾਲ ਦਾ ਵੀਰਵਾਰ ਰਾਤੀਂ ਇਕ ਵਜੇ ਦੇਹਾਂਤ ਹੋ ਗਿਆ। ਉਹ 90 ਵਰ੍ਹਿਆਂ ਦੇ ਸਨ ਤੇ ਕੁਝ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਆਖਰੀ ਸਾਹ ਐਡਮਿੰਟਨ ’ਚ ਲਿਆ। ਪੁਰੇੇਵਾਲ ਦੀ ਸਿੱਖ ਇਤਿਹਾਸ ਲਈ ਵੱਡੀ ਦੇਣ ਸੀ ਨਾਨਕਸ਼ਾਹੀ ਕੈਲੰਡਰ। ਅਸਲ ’ਚ ਪੁਰਾਣੇ ਬਿਕਰਮੀ ਕੈਲੰਡਰ ’ਚ ਕਈ ਪੁਰਬ ਸਾਲ ਦੋ-ਦੋ ਵਾਰੀ ਆ ਜਾਂਦੇ ਸਨ ਤੇ ਕਈ ਪੁਰਬ ਸਾਲ ’ਚ ਇਕ ਵਾਰੀ ਵੀ ਨਹੀਂ ਸਨ ਆਉਂਦੇ। ਇਸ ਕਾਰਨ ਪੁਰੇਵਾਲ ਨੇ ਨਾਨਕਸ਼ਾਹੀ ਕੈਲੰਡਰ ਦੀ ਰਚਨਾ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਨਾਨਕਸ਼ਾਹੀ ਕੈਲੰਡਰ ਨੂੰ ਤਿਆਰ ਕਰਨ ਲਈ ਲਗਪਗ 15 ਵਰ੍ਹੇ ਨਿਰੰਤਰ ਕੰਮ ਕੀਤਾ। ਇਸ ਨੂੰ ਤਿਆਰ ਕਰਨ ਲਈ ਪੁਰੇਵਾਲ ਨੇ ਕ੍ਰਿਸ਼ਚੀਅਨ ਕੈਲੰਡਰ ਸਮੇਤ ਦੁਨੀਆ ਦੇ ਬਹੁਤ ਸਾਰੇ ਕੈਲੰਡਰਾਂ ਸਮੇਤ ਅਸਟਰੋਨਾਮੀ ਦੀਆਂ 120 ਕਿਤਾਬਾਂ ਦਾ ਅਧਿਐਨ ਕੀਤਾ ਤੇ ਮੂਲ ਨਾਨਕਸ਼ਾਹੀ ਕੈਲੰਡਰ ਤਿਆਰ ਕੀਤਾ ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਕਾਇਦਾ ਪ੍ਰਵਾਨਗੀ ਦਿੱਤੀ ਤੇ ਇਸ ਨੂੰ ਲਾਗੂ ਕਰ ਦਿੱਤਾ ਗਿਆ। ਕਰੀਬ 7 ਵਰ੍ਹੇ ਇਹ ਲਾਗੂ ਰਿਹਾ ਤੇ ਪੁਰੇਵਾਲ ਦੇ ਨਾਨਕਸ਼ਾਹੀ ਕੈਲੰਡਰ ਦੀਆਂ ਤਰੀਕਾਂ ਦੇ ਆਧਾਰ ’ਤੇ ਹੀ ਵਿਸ਼ਵ ਭਰ ’ਚ ਪੁਰਬ ਸਜਾਏ ਜਾਣ ਲੱਗੇ। ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕੀਤੇ ਜਾਣ ਕਾਰਨ ਪੁਰੇਵਾਲ ਨੇ ਵਿਸ਼ਵ ਪੱਧਰ ’ਤੇ ਪ੍ਰਸਿੱਧੀ ਹਾਸਲ ਕੀਤੀ।

ਉਨ੍ਹਾਂ ਨੇ ਪਾਕਿਸਤਾਨ ਲਈ ਇਸਲਾਮਿਕ ਕੈਲੰਡਰ ਵੀ ਤਿਆਰ ਕੀਤਾ ਜਿਸ ਲਈ ਸ਼ੀਆ ਤੇ ਸੁੰਨੀ ਦੋਵਾਂ ਨੇ ਸਹਿਮਤੀ ਪ੍ਰਗਟ ਕੀਤੀ। ਪਾਕਿਸਤਾਨ ’ਚ ਇਸ ਕੈਲੰਡਰ ਦੇ ਲਾਗੂ ਕਰਨ ਸਮੇਂ ਪਾਕਿਸਤਾਨ ਦੇ ਉਸ ਸਮੇਂ ਦੇ ਗਵਰਨਰ ਨੇ ਬਕਾਇਦਾ ਉਦਘਾਟਨ ਕੀਤਾ। ਸਨਮਾਨ ਵਜੋਂ ਪਾਕਿਸਤਾਨ ਦੇ ਦਿਆਲ ਸਿੰਘ ਕਾਲਜ ਦੀ ਲਾਇਬ੍ਰੇਰੀ ਪੁਰੇਵਾਲ ਦੇ ਨਾਂ ਨੂੰ ਸਮਰਪਿਤ ਕੀਤੀ ਗਈ।

ਲਗਪਗ 7 ਵਰੇ੍ਹ ਲਾਗੂ ਰਹਿਣ ਮਗਰੋਂ ਪੁਰੇਵਾਲ ਦਾ ਰਚਿਆ ਨਾਨਕਸ਼ਾਹੀ ਕੈਲੰਡਰ ਉਸ ਸਮੇਂ ਸਿਆਸਤ ਦੀ ਭੇਟ ਚੜ੍ਹ ਗਿਆ ਜਦੋਂ ਸੰਤ ਸਮਾਜ ਨੇ ਇਸ ’ਤੇ ਇਤਰਾਜ਼ ਕੀਤਾ ਤੇ ਮੰਗ ਕੀਤੀ ਕਿ ਹੋਰਨਾਂ ਕੌਮਾਂ ਵਾਂਗ ਸਿੱਖਾਂ ਦਾ ਵੱਖਰਾ ਕੈਲੰਡਰ ਹੋਣਾ ਚਾਹੀਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ’ਚ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰ ਦਿੱਤਾ ਗਿਆ ਤੇ ਪੁਰਾਣਾ ਬਿਕਰਮੀ ਕੈਲੰਡਰ ਲਾਗੂ ਕਰ ਦਿੱਤਾ ਗਿਆ।

ਉਨ੍ਹਾਂ ਦਾ ਪਿਛੋਕੜ ਜਲੰਧਰ ਜ਼ਿਲ੍ਹੇ ਦੇ ਪਿੰਡ ਸ਼ੰਕਰ ਤੋਂ ਹੈ। ਉਹ ਕਿੱਤੇ ਵਜੋਂ ਅਧਿਆਪਕ ਸਨ। ਕਈ ਵਰ੍ਹੇ ਪੰਜਾਬ ’ਚ ਅਧਿਆਪਕ ਵਜੋਂ ਪੜ੍ਹਾਇਆ। ਉਸ ਤੋਂ ਬਾਅਦ ਕਰੀਬ 7 ਵਰ੍ਹੇ ਇੰਗਲੈਂਡ ਰਹੇ। 1972 ’ਚ ਐਡਮਿੰਟਨ ’ਚ ਆ ਕੇ ਬਸੇਰਾ ਕੀਤਾ।

Posted By: Jagjit Singh