ਟੋਰਾਂਟੋ (ਪੀਟੀਆਈ) : ਆਰਕਟਿਕ ਵਿਚ ਤੇਜ਼ੀ ਨਾਲ ਪਿਘਲਦੀ ਬਰਫ਼ ਕਾਰਨ ਇਥੋਂ ਦੇ ਹਾਲਾਤ ਵਿਗੜਨ ਦਾ ਖ਼ਤਰਾ ਪੈਦਾ ਹੋ ਗਿਆ ਹੈ। ਖੋਜਕਰਤਾਵਾਂ ਦਾ ਅਨੁਮਾਨ ਹੈ ਕਿ ਤੇਜ਼ੀ ਨਾਲ ਬਰਫ਼ ਪਿਘਲਣ ਨਾਲ ਆਰਕਟਿਕ ਦੇ ਵੱਖ-ਵੱਖ ਖੇਤਰਾਂ ਦੀ ਜਲਵਾਯੂ ਵਿਚ ਅਚਾਨਕ ਬਦਲਾਅ ਆ ਸਕਦਾ ਹੈ। ਇਹ ਬਦਲਾਅ ਪਹਿਲਾਂ ਦੇ ਅਨੁਮਾਨ ਤੋਂ ਕਿਤੇ ਜ਼ਿਆਦਾ ਪਾਇਆ ਗਿਆ ਹੈ।

ਨੇਚਰ ਕਲਾਈਮੇਟ ਚੇਂਜ ਜਰਨਲ 'ਚ ਛਪੇ ਅਧਿਐਨ ਅਨੁਸਾਰ ਯੁਕੋਨ ਸਣੇ ਕੈਨੇਡਾ ਦੇ ਵੱਖ-ਵੱਖ ਖੇਤਰਾਂ ਦੇ ਜੰਗਲਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਵਿਚ ਤੇਜ਼ੀ ਆਉਣ ਵਾਲੇ ਸਮੇਂ ਵਿਚ ਦੋਗੁਣਾ ਹੋ ਸਕਦੀ ਹੈ। ਕੈਨੇਡਾ ਦੀ ਮੈਕਗਿਲ ਯੂਨੀਵਰਸਿਟੀ ਦੀ ਖੋਜਕਰਤਾ ਲਕਸ਼ਮੀ ਸੁਸ਼ਮਾ ਨੇ ਕਿਹਾ ਕਿ ਅਸੀਂ ਜਲਵਾਯੂ ਪਰਿਵਰਤਨ ਵਿਚ ਕਲਾਈਮੇਟ-ਇੰਜੀਨੀਅਰਿੰਗ ਇਨਫ੍ਰਾਸਟਰੱਕਚਰ (ਸੜਕਾਂ, ਬੰਦਰਗਾਹਾਂ, ਇਮਾਰਤਾਂ, ਪਾਈਪਲਾਈਨਾਂ ਅਤੇ ਖਣਨ ਢਾਂਚਿਆਂ) ਦੇ ਪ੍ਰਸਪਰ ਪ੍ਰਭਾਵ ਨੂੰ ਲੈ ਕੇ ਅਧਿਐਨ ਕੀਤਾ। ਅਸੀਂ ਆਰਕਟਿਕ ਦੇ ਇਨਫ੍ਰਾਸਟਰੱਕਚਰ ਨੂੰ ਖ਼ਾਸ ਤੌਰ 'ਤੇ ਬਰਫ਼ ਦੇ ਪਿਘਲਣ ਸਮੇਤ ਨਮੀ ਵਿਚ ਬਦਲਾਅ ਅਤੇ ਦੂਸਰੇ ਕਾਰਕਾਂ ਤੋਂ ਪ੍ਰਭਾਵਿਤ ਪਾਇਆ। ਇਸ ਤੋਂ ਪਹਿਲੇ ਆਰਕਟਿਕ 'ਤੇ ਬਰਫ਼ ਦੀਆਂ ਮੋਟੀਆਂ ਪਰਤਾਂ ਨੂੰ ਲੈ ਕੇ ਕਈ ਅਧਿਐਨ ਕੀਤੇ ਗਏ ਸਨ। ਇਨ੍ਹਾਂ 'ਚ ਆਰਕਟਿਕ 'ਤੇ ਕੁਝ ਪ੍ਰਭਾਵ ਦੇ ਨਾਲ ਬਰਫ਼ ਨੂੰ ਹੌਲੀ ਗਤੀ ਨਾਲ ਪਿਘਲਦਾ ਪਾਇਆ ਗਿਆ ਸੀ। ਖੋਜਕਰਤਾਵਾਂ ਨੇ ਦੱਸਿਆ ਕਿ ਪਹਿਲਾਂ ਕੀਤੇ ਗਏ ਅਧਿਐਨ 20 ਤੋਂ 30 ਸਾਲ ਪੁਰਾਣੇ ਮਾਡਲਾਂ 'ਤੇ ਆਧਾਰਤ ਸਨ ਜਦਕਿ ਮੌਜੂਦਾ ਅਧਿਐਨ ਉੱਨਤ ਮਾਡਲ 'ਤੇ ਆਧਾਰਤ ਹੈ।