ਟੋਰਾਂਟੋ (ਪੀਟੀਆਈ) : ਵਿਗਿਆਨਕਾਂ ਮੁਤਾਬਕ ਜੇਕਰ ਨਮੀ ਤੇ ਤਾਪ ਰਾਹੀਂ ਐੱਨ-95 ਮਾਸਕ ਦਾ ਸਟਰਲਾਈਜੇਸ਼ਨ ਕੀਤਾ ਜਾਵੇ ਤਾਂ ਇਹ ਕੋਰੋਨਾ ਵਾਇਰਸ ਨੂੰ ਖ਼ਤਮ ਕਰ ਦਿੰਦਾ ਹੈ। ਇਸ ਤਰ੍ਹਾਂ ਮਾਸਕ ਦੀ ਦੁਬਾਰਾ ਵਰਤੋਂ ਕੀਤੀ ਜਾ ਸਕਦੀ ਹੈ।

ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਜਰਨਲ (ਸੀਐੱਮਏਜੇ) ਵਿਚ ਪ੍ਰਕਾਸ਼ਿਤ ਅਧਿਐਨ ਮੁਤਾਬਕ 70 ਡਿਗਰੀ ਸੈਲਸੀਅਸ 'ਤੇ 60 ਮਿੰਟਾਂ ਤਕ ਮਾਸਕ ਦਾ ਨਮੀ ਤੇ ਤਾਪ ਵਿਚ ਸਟਰਲਾਈਜੇਸ਼ਨ ਕਰਨ ਨਾਲ ਇਸ ਦੀ ਸੰਰਚਨਾ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪੁੱਜਦਾ ਹੈ। ਅਧਿਐਨ ਦੇ ਸਹਿ ਲੇਖਕ ਅਤੇ ਟੋਰਾਂਟੋ ਸਥਿਤ 'ਹਾਸਪੀਟਲ ਆਫ ਸਿਕ ਚਿਲਡਰਨ' ਦੇ ਗ੍ਰੇਗਰੀ ਬੋਰਸ਼ੈੱਲ ਨੇ ਕਿਹਾ ਕਿ ਘੱਟ ਲਾਗਤ ਵਾਲੀ ਇਸ ਪ੍ਰਕਿਰਿਆ ਨਾਲ ਮਾਸਕ ਦੇ ਫਿਲਟਰ ਨੂੰ ਪ੍ਰਭਾਵਿਤ ਕੀਤੇ ਬਿਨਾਂ 10 ਵਾਰ ਵਰਤਿਆ ਜਾ ਸਕਦਾ ਹੈ। ਅਧਿਐਨ ਦੌਰਾਨ ਖੋਜੀਆਂ ਨੇ ਐੱਨ-95 ਮਾਸਕ ਦੇ ਚਾਰ ਮਾਡਲ ਦਾ ਵੱਖ-ਵੱਖ ਤਾਪਮਾਨ ਅਤੇ ਨਮੀ 'ਤੇ ਤਜਰਬਾ ਕੀਤਾ। ਇਸ ਪਿੱਛੋਂ ਖੋਜੀਆਂ ਨੇ ਮਾਸਕ ਦੇ ਫਾਈਬਰ ਨਮੂਨਿਆਂ ਅਤੇ ਉਸ ਦੇ ਕੰਮ ਦਾ ਮੁਲਾਂਕਣ ਕੀਤਾ।

ਅਧਿਐਨ ਵਿਚ ਕਿਹਾ ਗਿਆ ਹੈ ਕਿ 10 ਵਾਰ ਸਟਰਲਾਈਜੇਸ਼ਨ ਪਿੱਛੋਂ ਨਾ ਕੇਵਲ ਮਾਸਕ ਦਾ ਫਾਈਬਰ ਵਿਆਸ ਪੂਰੀ ਤਰ੍ਹਾਂ ਸੁਰੱਖਿਅਤ ਸੀ ਸਗੋਂ ਇਸ ਦਾ ਫਿਲਟਰ ਵੀ ਪੂਰੀ ਤਰ੍ਹਾਂ ਠੀਕ ਸੀ। ਖੋਜੀਆਂ ਦਾ ਮੰਨਣਾ ਹੈ ਕਿ ਹਸਪਤਾਲਾਂ ਅਤੇ ਦੂਜੇ ਸਿਹਤ ਕੇਂਦਰਾਂ ਵਿਚ ਇਸ ਤਕਨੀਕ ਦੀ ਵਰਤੋਂ ਕਰ ਕੇ ਅਸੀਂ ਐੱਨ-95 ਮਾਸਕ ਦੀ ਕਮੀ ਨੂੰ ਦੂਰ ਕਰ ਸਕਦੇ ਹਾਂ।