ਸਰੀ, ਸੰਦੀਪ ਸਿੰਘ ਧੰਜੂ : ਬਹੁਚਰਚਿਤ ਕਿਰਨਜੀਤ ਢੇਸੀ ਕਤਲ ਕਾਂਡ ਵਿਚ ਇੱਕੋ ਪਰਿਵਾਰ ਦੇ ਪੰਜ ਜੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (ਆਈਐੱਚਆਈਟੀ) ਦਾ ਕਹਿਣਾ ਹੈ ਕਿ 25 ਸਾਲਾ ਗੁਰਵਿੰਦਰ ਦਿਓ ਅਤੇ 22 ਸਾਲਾ ਤਲਵਿੰਦਰ ਖੁਨ ਖੁਨ ਨੂੰ ਇਸ ਸਬੰਧੀ ਗਿ੍ਫ਼ਤਾਰ ਕੀਤਾ ਗਿਆ। ਦੋਵਾਂ 'ਤੇ ਕਤਲ ਵਿਚ ਮਦਦ ਕਰਨ ਤੇ ਮਨੁੱਖੀ ਅਸਥੀਆਂ ਦੀ ਬੇਅਦਬੀ ਕਰਨ ਦਾ ਦੋਸ਼ ਹੈ। ਆਈਐੱਚਆਈਟੀ ਵੱਲੋਂ ਇਕ ਹੋਰ 21 ਸਾਲਾ ਵਿਅਕਤੀ 'ਤੇ ਢੇਸੀ ਨੂੰ ਕਤਲ ਕਰਨ ਦੇ ਦੋਸ਼ ਲਾਏ ਗਏ ਹਨ। 21 ਸਾਲਾ ਹਰਜੋਤ ਸਿੰਘ ਦਿਓ 'ਤੇ ਪਹਿਲਾਂਂ ਸੈਕੰਡ ਡਿਗਰੀ ਮਰਡਰ ਦਾ ਚਾਰਜ ਸੀ ਤੇ ਹੁਣ ਉਸ 'ਤੇ ਮਨੁੱਖੀ ਅਸਥੀਆਂ ਨਾਲ ਛੇੜਛਾੜ ਕਰਨ ਦਾ ਦੋਸ਼ ਵੀ ਲਾਇਆ ਗਿਆ ਹੈ। ਆਈਐੱਚਆਈਟੀ ਦੇ ਕਾਰਪੋਰਲ ਡੇਵਿਡ ਲੀ ਨੇ ਦੱਸਿਆ ਕਿ ਆਈਐੱਚਆਈਟੀ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਜਾਂਦੀ ਹੈ ਕਿ ਗੁਰਵਿੰਦਰ ਦਿਓ, ਹਰਜੋਤ ਦਿਓ ਦਾ ਭਰਾ ਹੈ ਤੇ ਤਲਵਿੰਦਰ ਖੁਨ ਖੁਨ ਉਨ੍ਹਾਂ ਦਾ ਰਿਸ਼ਤੇਦਾਰ ਹੈ। ਹਰਜੋਤ 'ਤੇ ਅਗਸਤ 2017 ਵਿਚ 19 ਸਾਲਾ ਕਿਰਨ ਢੇਸੀ ਦਾ ਕਤਲ ਕਰਨ ਦਾ ਦੋਸ਼ ਲੱਗਿਆ ਸੀ ਉਸ ਸਮੇਂ ਢੇਸੀ ਕਾਲਜ ਦੀ ਵਿਦਿਆਰਥਣ ਸੀ ਤੇ ਉਸ ਦੇ ਕਦੇ ਹਰਜੋਤ ਨਾਲ ਦੋਸਤਾਨਾ ਸਬੰਧ ਸਨ। ਉਸ ਦੀ ਲਾਸ਼ ਸਰੀ ਵਿਚ ਇਕ ਸੜਦੀ ਹੋਈ ਐਸਯੂਵੀ ਵਿਚੋਂ ਮਿਲੀ ਸੀ। ਇਸ ਮਾਮਲੇ 'ਚ ਹਰਜੋਤ ਦੇ ਪਰਿਵਾਰ ਦੇ ਦੋ ਹੋਰ ਮੈਂਬਰ, ਉਸ ਦੀ ਵੱਡੀ ਭੈਣ ਇੰਦਰਦੀਪ ਦਿਓ ਤੇ ਉਸ ਦੀ ਮਾਂ ਮਨਜੀਤ ਕੌਰ ਦਿਓ ਨੂੰ ਵੀ ਇਸ ਮਾਮਲੇ ਵਿਚ ਚਾਰਜ ਕੀਤਾ ਗਿਆ ਹੈ। ਦੋਵਾਂ 'ਤੇ ਹਰਜੋਤ ਨੂੰ ਕਾਨੂੰਨ ਦੀ ਗਿ੍ਫ਼ਤ ਤੋਂ ਬਚਾਉਣ ਵਿਚ ਮਦਦ ਕਰਨ ਦਾ ਦੋਸ਼ ਹੈ। ਕਾਰਪੋਰਲ ਲੀ ਨੇ ਆਖਿਆ ਕਿ ਅਜੇ ਵੀ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਇਹ ਖ਼ਤਮ ਨਹੀਂ ਹੋਈ। ਜੇ ਇਸ ਮਾਮਲੇ ਨਾਲ ਸਬੰਧਤ ਕੋਈ ਹੋਰ ਵਿਅਕਤੀ ਵੀ ਕਸੂਰਵਾਰ ਹੈ ਤਾਂ ਉਸ ਨੂੰ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ।