ਟੋਰਾਂਟੋ (ਏਐੱਨਆਈ) : ਕਰੀਮਾ ਬਲੋਚ ਦੀ ਹੱਤਿਆ ਇਕ ਸੋਚੀ ਸਮਝੀ ਸਾਜ਼ਿਸ਼ ਦਾ ਨਤੀਜਾ ਹੈ। ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਕਰੀਮਾ ਦੇ ਪਿੱਛੇ ਹੱਤਿਆਰੇ ਕਾਫ਼ੀ ਦਿਨਾਂ ਤੋਂ ਲੱਗੇ ਹੋਏ ਸਨ। ਉਨ੍ਹਾਂ ਦੇ ਮਿੱਤਰਾਂ ਨੇ ਦੱਸਿਆ ਕਿ ਕੁਝ ਦਿਨ ਪਹਿਲੇ ਹੀ ਕਰੀਮਾ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਫੋਨ ਕੀਤਾ ਸੀ ਕਿ ਤੁਸੀਂ ਜਿੱਥੇ ਰਹਿ ਰਹੀ ਹੋ, ਸਾਨੂੰ ਪਤਾ ਹੈ। ਪਾਕਿਸਤਾਨ ਦੇ ਬਲੋਚਿਸਤਾਨ ਵਿਚ ਫ਼ੌਜ ਅਤੇ ਸਰਕਾਰ ਦੇ ਅੱਤਿਆਚਾਰ ਖ਼ਿਲਾਫ਼ ਲੜਨ ਵਾਲੀ ਕਰੀਮਾ ਬਲੋਚ ਦੀ ਹੱਤਿਆ ਬੁੱਧਵਾਰ ਨੂੰ ਕੈਨੇਡਾ ਦੇ ਟੋਰਾਂਟੋ ਵਿਚ ਹੋ ਗਈ ਸੀ। ਉਨ੍ਹਾਂ ਦੀ ਲਾਸ਼ ਇਕ ਝੀਲ ਦੇ ਕਿਨਾਰੇ ਮਿਲੀ ਸੀ।

ਟੋਰਾਂਟੋ ਵਿਚ ਹੀ ਰਹਿਣ ਵਾਲੀ ਕਰੀਮਾ ਦੀ ਦੋਸਤ ਅਤੇ ਬਲੋਚ ਕਾਰਕੁੰਨ ਲਤੀਫ ਜੌਹਰ ਨੇ ਦੱਸਿਆ ਕਿ ਕਰੀਮਾ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ। ਇਕ ਅਣਪਛਾਤੇ ਵਿਅਕਤੀ ਦਾ ਫੋਨ ਵੀ ਆਇਆ ਸੀ। ਲਤੀਫ ਨੇ ਦੱਸਿਆ ਕਿ ਕਰੀਮਾ ਦੇ ਪਤੀ ਨੇ ਉਨ੍ਹਾਂ ਨੂੰ ਫੋਨ 'ਤੇ ਮੈਸੇਜ ਵੀ ਦਿਖਾਏ ਜੋ ਉਨ੍ਹਾਂ ਕੋਲ ਭੇਜੇ ਗਏ ਸਨ। ਇਨ੍ਹਾਂ ਮੈਸੇਜ ਵਿਚ ਲਿਖਿਆ ਗਿਆ ਸੀ ਕਿ ਅਸੀਂ ਕਰੀਮਾ ਨੂੰ ਕਿ੍ਸਮਸ ਦਾ ਅਜਿਹਾ ਤੋਹਫ਼ਾ ਭੇਜਾਂਗੇ ਕਿ ਉਹ ਭੁੱਲ ਨਹੀਂ ਸਕੇਗੀ। ਇਸ ਘਟਨਾ ਦੇ ਦੁਨੀਆ ਭਰ ਵਿਚ ਰਹਿਣ ਵਾਲੇ ਬਲੋਚਾਂ ਨੇ ਰੋਸ ਪ੍ਰਗਟਾਇਆ ਹੈ। ਹੱਤਿਆ ਵਿਚ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ 'ਤੇ ਸ਼ੱਕ ਪ੍ਰਗਟਾਇਆ ਗਿਆ ਹੈ। ਬਲੋਚਿਸਤਾਨ ਵਿਚ ਉਨ੍ਹਾਂ ਦੀ ਹੱਤਿਆ ਨੂੰ ਲੈ ਕੇ ਪ੍ਰਦਰਸ਼ਨ ਵੀ ਹੋ ਰਹੇ ਹਨ। ਉਧਰ, ਪੁਲਿਸ ਇਸ ਮਾਮਲੇ ਤੋਂ ਪੱਲਾ ਝਾੜ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਹੁਣ ਤਕ ਦੀ ਜਾਂਚ ਵਿਚ ਹੱਤਿਆ ਦਾ ਕੋਈ ਸਬੂਤ ਨਹੀਂ ਮਿਲਿਆ ਹੈ।