ਪੰਜਾਬੀ ਜਾਗਰਣ ਕੇਂਦਰ, ਟੋਰਾਂਟੋ (ਕੈਨੇਡਾ) : ਭਾਰਤੀ ਗੈਂਗਸਟਰ ਜਿੰਮੀ ਸੰਧੂ ਦੇ ਕਤਲ ਕੇਸ ਵਿਚ ਲੋਡ਼ੀਂਦਾ ਸ਼ੱਕੀ ਮੁਲਜ਼ਮ ਕੈਨੇਡਾ ਦੇ ਇਕ ਹਵਾਈ ਹਾਦਸੇ ’ਚ ਮਾਰਿਆ ਗਿਆ ਹੈ। ਜਿੰਮੀ ਸੰਧੂ ਦਾ ਕਤਲ ਬੀਤੀ 4 ਫ਼ਰਵਰੀ ਨੂੰ ਥਾਈਲੈਂਡ ਦੇ ਸੈਲਾਨੀ ਸ਼ਹਿਰ ਫ਼ੁਕੇਟ ’ਚ ਹੋਇਆ ਸੀ।

ਸੀਬੀਸੀ ਦੀ ਰਿਪੋਰਟ ਅਨੁਸਾਰ ਕਥਿਤ ਕਾਤਲ ਜੀਨ ਲਾਹਰਕੈਂਪ ਤੇ ਤਿੰਨ ਹੋਰ ਵਿਅਕਤੀ ਉਨਟਾਰੀਓ ਦੇ ਸਿਊਕਸ ਲੁੱਕਆਊਟ ਨੇਡ਼ੇ ਵਾਪਰੇ ਇਕ ਹਵਾਈ ਹਾਦਸੇ ’ਚ ਮਾਰੇ ਗਏ ਹਨ। ਉਹ ਸਾਰੇ ਡਰਾਈਡੇਨ ਤੋਂ ਮੈਰਾਥੋਨ (ਉਨਟਾਰੀਓ) ਜਾ ਰਹੇ ਚੇਰੀਕੋ ਕੰਪਨੀ ਦੇ ਛੋਟੇ ਯਾਤਰੀ ਜਹਾਜ਼ ’ਚ ਸਵਾਰ ਸਨ। ਹਾਲੇ ਇਹ ਪਤਾ ਨਹੀਂ ਲੱਗ ਸਕਿਆ ਕਿ ਸ਼ੱਕੀ ‘ਕਾਤਲ’ ਉਨਟਾਰੀਓ ’ਚ ਕੀ ਕਰ ਰਿਹਾ ਸੀ। ਉਨਟਾਰੀਓ ਪੁਲਿਸ ਦੇ ਨਾਲ-ਨਾਲ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ‘ਕੰਬਾਈਂਡ ਫ਼ੋਰਸੇਜ਼ ਸਪੈਸ਼ਲ ਇਨਫ਼ੋਰਸਮੈਂਟ ਯੂਨਿਟ’ ਦੇ ਬੁਲਾਰੇ ਨੇ ‘ਕਾਤਲ’ ਲਾਹਰਕੈਂਪ ਦੀ ਸ਼ਨਾਖ਼ਤ ਕੀਤੀ ਹੈ। ਇਸ ਵੇਲੇ ਕੈਨੇਡਾ ’ਚ ਉਸ ਦਾ ਕਿਸੇ ਕਿਸਮ ਦਾ ਵਾਰੰਟ ਜਾਰੀ ਨਹੀਂ ਹੋਇਆ ਸੀ।

ਜ਼ਿਕਰਯੋਗ ਹੈ ਕਿ ਲਾਹਰਕੈਂਪ ਤੇ ਇਕ ਹੋਰ ਕੈਨੇਡੀਅਨ ਮੈਥਿਊ ਡੁਪਰੇ ਵਿਰੁੱਧ ਫ਼ੁਕੇਟ ਦੀ ਇਕ ਅਦਾਲਤ ਨੇ ਵਾਰੰਟ ਜਾਰੀ ਕੀਤੇ ਸਨ। ਸ਼ੱਕ ਹੈ ਕਿ ਇਨ੍ਹਾਂ ਦੋਵਾਂ ਨੇ ਹੀ 4 ਫ਼ਰਵਰੀ ਨੂੰ ਫ਼ੁਕੇਟ ਦੇ ਰਵਾਈ ਬੀਚ ’ਤੇ ਇਕ ਰਿਜ਼ੌਰਟ ਦੀ ਪਾਰਕਿੰਗ ਵਿਚ ਜਿੰਮੀ ‘ਸਲਾਈਸ’ ਸੰਧੂ ਦਾ ਕਤਲ ਕੀਤਾ ਸੀ। ਡੁਪਰੇ ਨੂੰ 20 ਫ਼ਰਵਰੀ ਨੂੰ ਅਲਬਰਟਾ ਸੂਬੇ ਦੇ ਐਡਮਿੰਟਨ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਥਾਈਲੈਂਡ ਦੀ ਸਰਕਾਰ ਹੁਣ ਉਸ ਨੂੰ ਕੈਨੇਡਾ ਤੋਂ ਹਵਾਲਗੀ ਸੰਧੀ ਦੇ ਆਧਾਰ ’ਤੇ ਵਾਪਸ ਲਿਜਾਣਾ ਚਾਹੁੰਦੀ ਹੈ। ਇਸ ਵੇਲੇ ਉਹ ਅਲਬਰਟਾ ਕੋਰਟ ਦੀ ਹਿਰਾਸਤ ਵਿਚ ਹੀ ਚੱਲ ਰਿਹਾ ਹੈ।

Posted By: Tejinder Thind