ਸਰੀ, ਸੰਦੀਪ ਸਿੰਘ ਧੰਜੂ : ਵੈਨਕੂਵਰ ਵਿਚ ਹਾਰਬਰ ਦੇ ਕੰਢੇ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ (ਕੈਨੇਡਾ) ਵੱਲੋਂ ਕਾਮਾਗਾਟਾਮਾਰੂ ਦੁਖਾਂਤ ਦੀ 107ਵੀਂ ਵਰ੍ਹੇਗੰਢ ਮੌਕੇ ਮੋਮਬੱਤੀਆਂ ਜਗਾ ਕੇ ਜਹਾਜ਼ ਦੇ ਮੁਸਾਫ਼ਰਾਂ ਨੂੰ ਯਾਦ ਕੀਤਾ ਗਿਆ। ਫਾਊਂਡੇਸ਼ਨ ਦੇ ਬਾਨੀ ਸਾਹਿਬ ਥਿੰਦ ਨੇ ਕਿਹਾ ਕਿ 23 ਮਈ, 1914 ਨੂੰ 370 ਭਾਰਤੀ ਕਾਮਾਗਾਟਾਮਾਰੂ ਜਹਾਜ਼ ਰਾਹੀਂ ਕੈਨੇਡਾ ਵਿਚ ਦਾਖਲ ਹੋਣ ਲਈ ਵੈਨਕੂਵਰ ਹਾਰਬਰ ਦੇ ਕੰਢੇ ਤੇ ਪਹੁੰਚੇ ਸਨ ਪਰ ਹਕੂਮਤ ਦੀ ਨਸਲਵਾਦੀ ਪੁਲਿਸ ਨੇ ਇਨ੍ਹਾਂ ਭਾਰਤੀਆਂ ਨੂੰ ਇੱਥੇ ਉਤਰਨ ਦੀ ਆਗਿਆ ਨਹੀਂ ਸੀ ਦਿੱਤੀ ਅਤੇ 23 ਜੁਲਾਈ, 1914 ਨੂੰ ਕਾਮਾਗਾਟਾਮਾਰੂ ਯਾਤਰੀਆਂ ਨੂੰ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ ਗਿਆ ਸੀ ਜਿਸ ਸੰਬੰਧੀ ਸਰਕਾਰ ਅਤੇ ਸਿਟੀ ਆਫ ਵੈਨਕੂਵਰ ਵੱਲੋਂ ਮੁਆਫੀ ਮੰਗ ਲਈ ਗਈ ਹੈ ਪਰ ਇਹਨ੍ਹਾਂ ਯੋਧਿਆਂ, ਗਦਰੀ ਬਾਬਿਆਂ ਤੇ ਸਾਡੇ ਮਹਾਨ ਵਿਰਸੇ ਸਬੰਧੀ ਇਤਿਹਾਸ ਨੂੰ ਬੀਸੀ ਦੇ ਸਕੂਲਾਂ ਤੇ ਕਾਲਜਾਂ ਦੇ ਸਿਲੇਬਸ ਵਿਚ ਸ਼ਾਮਲ ਕੀਤੇ ਜਾਣਦੀ ਲੋੜ ਹੈ। ਉਨ੍ਹਾਂ ਕੈਨੇਡਾ ਸਰਕਾਰ ਅਤੇ ਵੈਨਕੂਵਰ ਕੌਂਸਲ ਕੋਲੋਂ ਵੀ ਮੰਗ ਕੀਤੀ ਕਿ ਵਾਟਰ ਫਰੰਟ ਰੋਡ ਦਾ ਨਾਮ ਬਦਲ ਕੇ ਕਾਮਾਗਾਟਾਮਾਰੂ ਰੋਡ ਕੀਤਾ ਜਾਵੇ ਅਤੇ ਪੋਰਟ ਆਫ ਵੈਨਕੂਵਰ ਦਾ ਨਾਂ ਵੀ ਕਾਮਾਗਾਟਾਮਾਰੂ ਪੋਰਟ ਰੱਖਿਆ ਜਾਵੇ।


ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਨੇ ਕਾਮਾਗਾਟਾਮਾਰੂ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਕਿਹਾ ਕਿ ਟਰੂਡੋ ਸਰਕਾਰ ਨੇ ਆਪਣੇ ਕੀਤੇ ਵਾਅਦੇ ਅਨੁਸਾਰ ਇਸ ਮੰਦਭਾਗੀ ਘਟਨਾ ਲਈ ਮੁਆਫੀ ਮੰਗ ਕੇ ਭਾਰਤੀ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਤਿਕਾਰ ਕੀਤਾ ਹੈ।


ਪਾਰਲੀਮਾਨੀ ਸੈਕਟਰੀ ਰਚਨਾ ਸਿੰਘ ਨੇ ਨਸਲਵਾਦ ਦੀ ਸਖਤ ਨਿੰਦਿਆ ਕਰਦਿਆਂ ਸਰਕਾਰ ਵੱਲੋਂ ਨਸਲਵਾਦ ਵਿਰੋਧੀ ਐਕਟ ਬਣਾਉਣ ਦੀ ਗੱਲ ਕਹੀ। ਐੱਮਐੱਲਏ ਜਗਰੂਪ ਬਰਾੜ ਨੇ ਕਿਹਾ ਕਿ ਬੀਸੀ. ਸਰਕਾਰ ਵੱਲੋਂ ਸਾਊਥ ਏਸ਼ੀਅਨ ਸਟੱਡੀਜ਼ ਇੰਸਟੀਚਿਊਟ ਵਿਚ ਪੰਜਾਬੀ ਕੈਨੇਡੀਅਨ ਇਤਿਹਾਸ ਅਤੇ ਵਿਰਸੇ ਬਾਰੇ ਇਕ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ।


ਐੱਮਐੱਲਏ ਅਮਨ ਸਿੰਘ, ਐੱਮਐੱਲਏ ਮੇਬਲ ਇਲਮੋਰ, ਵੈਨਕੂਵਰ ਸਿਟੀ ਕੌਂਸਲਰ ਜੀਨ ਸਵੈਨਸਨ ਤੇ ਪੀਟ ਫਰਾਈ, ਵੈਸਟਮਿਨਸਟਰ ਦੇ ਕੌਂਸਲਰ ਚਕ ਪੁਚਮਯਾਰ ਨੇ ਵੀ ਕਾਮਾਗਾਟਾਮਾਰੂ ਯੋਧਿਆਂ ਦੀ ਕੁਰਬਾਨੀ ਨੂੰ ਯਾਦ ਕੀਤਾ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ।

Posted By: Rajnish Kaur