ਸਰੀ, ਸੰਦੀਪ ਸਿੰਘ ਧੰਜੂ : ਇਸ ਮਹੀਨੇ ਹੋਣ ਵਾਲੀਆਂ ਫੈਡਰਲ ਚੋਣਾਂ ਦੇ ਮੱਦੇਨਜ਼ਰ ਸੱਤਧਾਰੀ ਲਿਬਰਲ ਪਾਰਟੀ ਵੱਲੋਂ ਬ੍ਰਿਟਿਸ਼ ਕੋਲੰਬੀਆ 'ਚ ਮੈਸਕੀ -ਫਰੇਜ਼ਰ ਕੇਨੀਅਨ ਹਲਕੇ ਤੋ ਨਾਮਜ਼ਦ ਕੀਤੀ। ਉਮੀਦਵਾਰ ਗੀਤ ਗਰੇਵਾਲ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਬਲ ਮਿਲਿਆ ਜਦੋਂ ਉਨ੍ਹਾਂ ਦੇ ਸਮਰਥਨ 'ਚ ਹਜ਼ਾਰਾਂ ਦੇ ਇਕੱਠ ਨੂੰ ਸੰਬੋਧਨ ਕਰਨ ਲਈ ਕੇਂਦਰੀ ਰੱਖਿਆ ਮੰਤਰੀ ਤੇ ਦੱਖਣੀ ਵੈਨਕੂਵਰ ਤੋਂ ਉਮੀਦਵਾਰ ਹਰਜੀਤ ਸਿੰਘ ਸੱਜਣ ਪਹੁੰਚੇ। ਉਨ੍ਹਾਂ ਨਾਲ ਵਿਸ਼ੇਸ਼ ਤੌਰ 'ਤੇ ਇਥੇ ਪੁੱਜੇ ਲਿਬਰਲ ਪਾਰਟੀ ਦੇ ਪ੍ਰਧਾਨ ਕੋਵਨ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਉਹ ਅੱਜ ਦੇ ਇਕੱਠ ਨੂੰ ਦੇਖਕੇ ਕਾਫੀ ਉਤਸ਼ਾਹਿਤ ਹੈ ਕਿ ਇਸ ਹਲਕੇ ਤੋਂ ਇਕ ਨੌਜਵਾਨ ਮਹਿਲਾ ਆਗੂ ਨੂੰ ਲੋਕਾਂ ਵਲੋਂ ਭਾਰੀ ਸਮਰਥਨ ਦਿੱਤਾ ਜਾ ਰਿਹਾ ਹੈ ਜੋ ਕਿ ਚੰਗੇ ਭਵਿੱਖ ਦੀ ਤਬਦੀਲੀ ਦਾ ਸੰਕੇਤ ਹੈ।

ਇਸ ਮੌਕੇ ਹਰਜੀਤ ਸਿੰਘ ਸੱਜਣ ਨੇ ਸੰਬੋਧਨ ਕਰਦਿਆਂ ਕੇਂਦਰ 'ਚ ਔਰਤਾਂ ਦੀ ਆਵਾਜ਼ ਬੁਲੰਦ ਕਰਨ ਲਈ ਗੀਤ ਗਰੇਵਾਲ ਜਿਹੀਆਂ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਸੱਦਾ ਦਿੱਤਾ। ਇਸ ਮੌਕੇ ਉਨ੍ਹਾਂ ਨੇ ਕੈਨੇਡਾ 'ਚ ਪਰਵਾਸੀਆਂ ਦੀ ਘਾਲਣਾ ਤੇ ਸੱਤਾ 'ਚ ਭਾਈਵਾਲੀ ਦਾ ਵਿਸ਼ੇਸ਼ ਜ਼ਿਕਰ ਕੀਤਾ। ਰਿਜਵਿਊ ਪਾਰਕ ਐਬਟਸਫੋਰਡ ਵਿਖੇ ਕਰਵਾਏ ਗਏ ਗੀਤ ਦੇ ਸਮਰਥਨ ਵਿਚ ਪ੍ਰੋਗਰਾਮ ਦੌਰਾਨ ਬੁਲਾਰਿਆਂ ਨੇ ਪ੍ਰਧਾਨ ਮੰਤਰੀ ਟਰੂਡੋ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕੀਤੀ।

ਜ਼ਿਕਰਯੋਗ ਹੈ ਕਿ ਸਤੰਬਰ ਦੀ 10, 11 ਤੇ 20 ਤਰੀਕ ਨੂੰ ਪੈਣ ਵਾਲੀਆਂ ਵੋਟਾਂ 'ਚ ਲਿਬਰਲ ਪਾਰਟੀ ਦੀ ਉਮੀਦਵਾਰ ਗੀਤ ਗਰੇਵਾਲ ਫਰੇਜਰ ਵੈਲੀ ਦੀ ਜੰਮਪਲ ਹੈ ਤੇ ਕਿੱਤੇ ਵਜੋਂ ਇਕ ਵਕੀਲ ਦੇ ਤੌਰ ਤੇ ਕੰਮ ਕਰ ਰਹੀ ਹੈ। ਦੱਸਣਯੋਗ ਹੈ ਕਿ ਗੀਤ ਗਰੇਵਾਲ ਮਸ਼ਹੂਰ ਪੰਜਾਬੀ ਗੀਤਕਾਰ ਤੇ ਅਦਾਕਾਰ ਪਰਮੀਸ਼ ਵਰਮਾ ਦੀ ਮੰਗੇਤਰ ਵੀ ਹੈ।

Posted By: Rajnish Kaur