ਕਮਲਜੀਤ ਬੁੱਟਰ, ਕੈਲਗਰੀ : ਕੈਨੇਡਾ ਪੜ੍ਹਨ ਆਉੁਂਦੇ ਵਿਦਿਆਰਥੀਆਂ ਲਈ ਕੰਮ ਕਰਨਾ ਭਾਵੇ ਮਜਬੂਰੀ ਹੈ ਪਰ ਨਿਯਮਾਂ ਦੀ ਉਲੰਘਣਾ ਕਰਨਾ ਵੀ ਆਪਣੇ ਪੈਰ ਆਪ ਕੁਹਾੜਾ ਮਾਰਨ ਦੇ ਬਰਾਬਰ ਹੈ। ਅਜਿਹੀ ਹੀ ਗ਼ਲਤੀ ਬੀਤੇ ਦਿਨੀਂ ਜੋਬਨਦੀਪ ਸਿੰਘ ਸੰਧੂ ਨੇ ਕੈਨੇਡਾ ਦੇ ਮਿਸੀਸਾਗਾ 'ਚ ਪੜ੍ਹਾਈ ਦੌਰਾਨ ਕੀਤੀ ਤੇ ਪੁਲਿਸ ਦੇ ਅੜਿੱਕੇ ਆ ਗਿਆ। ਮੰਨਿਆ ਜਾ ਰਿਹਾ ਹੈ ਕਿ ਉਸ ਨੂੰ ਡਿਪੋਰਟ ਵੀ ਕੀਤਾ ਜਾ ਸਕਦਾ ਹੈ।

13 ਦਸੰਬਰ, 2017 ਨੂੰ 22 ਸਾਲ ਦਾ ਅੰਤਰਾਸ਼ਟਰੀ ਵਿਦਿਆਰਥੀ ਜੋਬਨਦੀਪ ਸਿੰਘ ਸੰਧੂ ਜਿਹੜਾ ਮਾਂਟਰੀਅਲ ਤੇ ਟੋਰਾਂਟੋ ਵਿਚਕਾਰ ਹਾਈਵੇ 401 'ਤੇ ਟਰੱਕ ਲੈ ਕੇ ਜਾ ਰਿਹਾ ਸੀ ਓਪੀਪੀ ਓਂਟਾਰੀਓਂ ਪ੍ਰੋਵਿੰਸ਼ਲ ਪੁਲਿਸ ਵੱਲੋਂ ਰੁਟੀਨ ਵਜੋਂ ਉਸ ਦਾ ਟਰੱਕ ਰੋਕਿਆ ਗਿਆ। ਪੜਤਾਲ ਕਰਨ 'ਤੇ ਪਤਾ ਲੱਗਾ ਕਿ ਉਹ ਅੰਤਰਰਾਸ਼ਟਰੀ ਵਿਦਿਆਰਥੀ ਹੈ ਤੇ ਕੈਨਾਡੋਰ ਕਾਲਜ, ਮਿਸੀਸਾਗਾ 'ਚ ਪੜ੍ਹਦਾ ਹੈ। ਜਾਂਚ 'ਚ ਪਤਾ ਲੱਗਾ ਕਿ ਵਿਦਿਆਰਥੀ ਕੈਨੇਡਾ 'ਚ ਨਿਯਮਿਤ ਹਫ਼ਤੇ ਦੇ 20 ਘੰਟਿਆਂ ਤੋਂ ਵੱਧ ਕੰਮ ਕਰ ਰਿਹਾ ਸੀ। ਉਹਦੀ ਪੜ੍ਹਾਈ ਅਜੇ ਰਹਿੰਦੀ ਹੈ ਤੇ ਸਿਰਫ਼ 10 ਦਿਨ ਦੀਆਂ ਕਲਾਸਾਂ ਬਾਕੀ ਸੀ ਤੇ ਉਸ ਤੋਂ ਬਾਅਦ ਉਸ ਨੂੰ ਮੈਕੇਨੀਕਲ ਇੰਜੀਨੀਅਰ ਦੀ ਡਿਗਰੀ ਕੈਨਾਡੋਰ ਕਾਲਜ ਮਿਸੀਸਾਗਾ ਤੋਂ ਮਿਲ ਜਾਣੀ ਸੀ। ਪੁਲਿਸ ਨੇ ਦੋਸ਼ੀ ਪਾਏ ਜਾਣ 'ਤੇ ਵਿਦਿਆਰਥੀ ਨੂੰ ਗਿ੍ਫ਼ਤਾਰ ਕਰ ਲਿਆ। ਅੱਗੇ ਮਾਮਲੇ 'ਚ ਸੀਬੀਐੱਸਏ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੂੰ ਆਪਣੀ ਰਾਇ ਦੇਣ ਲਈ ਕਿਹਾ ਗਿਆ ਤੇ ਉਨ੍ਹਾਂ ਨੇ ਵਿਦਿਆਰਥੀ ਨੂੰ ਵਾਪਸ ਭਾਰਤ ਭੇਜਣ ਦੀ ਰਾਇ ਦਿੱਤੀ। ਵਿਦਿਆਰਥੀ ਦੇ ਵਕੀਲ ਨੇ ਅਦਾਲਤ 'ਚ ਦਲੀਲਾਂ ਦਿੱਤੀਆਂ ਕਿ ਜੋਬਨਦੀਪ ਦਾ ਕੋਈ ਕਿ੍ਮੀਨਲ ਰਿਕਾਰਡ ਨਹੀਂ ਤੇ ਉਹ ਸਿਰਫ਼ ਆਪਣੀ ਫੀਸ ਭਰਨ ਲਈ ਜ਼ਿਆਦਾ ਕੰਮ ਕਰ ਰਿਹਾ ਸੀ। ਅਦਾਲਤ ਨੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਵਿਦਿਆਰਥੀ ਨੂੰ ਵੀਜ਼ੇ ਅਪਲਾਈ ਕਰਨ ਵੇਲੇ ਹੀ ਪੁੱਛਿਆ ਜਾਂਦਾ ਹੈ ਕਿ ਉਹ ਆਪਣੀ ਪੜ੍ਹਾਈ ਦੀ ਫੀਸ ਭਰਨ ਦੇ ਕਾਬਲ ਹੈ ਜਾਂ ਨਹੀਂ ? ਇਸ ਲਈ ਫੀਸ ਵਾਲੀ ਦਲੀਲ ਕੋਈ ਮਾਅਨੇ ਨਹੀਂ ਰੱਖਦੀ। ਹੁਣ ਜੋਬਨਦੀਪ ਨੇ ਆਖਰੀ ਉਮੀਦ 'ਚ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਵਰਕ ਪਰਮਿਟ ਅਪਲਾਈ ਕੀਤਾ ਹੈ। ਇਹ ਹੁਣ ਆਈਆਰਸੀਸੀ 'ਤੇ ਨਿਰਭਰ ਕਰਦਾ ਹੈ ਉਹ ਉਸ ਨੂੰ ਵੀਜ਼ਾ ਦਿੰਦੇ ਹਨ ਜਾਂ ਨਹੀਂ। ਜੇ ਨਹੀਂ ਤਾਂ ਵਿਦਿਆਰਥੀ ਨੂੰ 31 ਮਈ ਤੋਂ ਪਹਿਲਾਂ ਕੈਨੇਡਾ ਛੱਡ ਤੇ ਵਾਪਸ ਪੰਜਾਬ ਜਾਣਾ ਪੈਣਾ ਹੈ।