ਕਮਲਜੀਤ ਬੁੱਟਰ, ਕੈਲਗਰੀ : ਕੈਲਗਰੀ ਦੇ ਇਕ ਮੋਟਲ ਵਿਚ ਕੰਮ ਕਰਨ ਵਾਲੇ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਅਦਾਲਤ ਨੇ ਸੈਕਸੂਅਲ ਅਸਾਲਟ ਦਾ ਦੋਸ਼ੀ ਕਰਾਰ ਦਿੱਤਾ ਹੈ। 28 ਸਾਲਾ ਜਤਿੰਦਰ ਬਰਾੜ ਨੇ ਪਿਛਲੇ ਮਹੀਨੇ ਅਦਾਲਤ ਨੂੰ ਸੁਣਵਾਈ ਦੌਰਾਨ ਦੱਸਿਆ ਸੀ ਕਿ ਉਸ ਨੇ ਮੋਟਲ ਵਿਚ ਰੁਕੀ ਇਕ ਔਰਤ ਨਾਲ ਜਿਸਮਾਨੀ ਸਬੰਧ ਉਸ ਦੀ ਸਹਿਮਤੀ ਨਾਲ ਬਣਾਏ ਸਨ। ਜਤਿੰਦਰ ਬਰਾੜ ਕੈਲਗਰੀ ਦੇ ਸ਼ਨੁੱਕ ਸਟੇਸ਼ਨ ਦੇ 'ਕੈਨੇਡਾ'ਜ਼ ਬੈਸਟ ਵੈਲਿਊ ਇਨ' ਵਿਚ ਰਾਤ ਦੀ ਡਿਊਟੀ 'ਤੇ ਸੀ ਤੇ ਉਸ ਦੇ ਡੈਸਕ 'ਤੇ ਇਸ ਔਰਤ ਦਾ ਫੋਨ ਨੰਬਰ ਲਿਖਿਆ ਪਿਆ ਸੀ। ਅਕਤੂਬਰ, 2017 ਵਿਚ ਇਹ ਘਟਨਾ ਹੋਈ ਸੀ। ਉਸ ਨੇ ਇਸ ਨੰਬਰ ਤੇ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ। ਅਸਲ ਵਿਚ ਉਹ ਕੋਈ ਹੋਰ ਵਿਅਕਤੀ ਬਣ ਕੇ ਇਸ ਔਰਤ ਨੂੰ ਉਸ ਦੇ ਫੋਨ 'ਤੇ ਮੈਸੇਜ ਭੇਜ ਰਿਹਾ ਸੀ ਤੇ ਉਸ ਨੇ ਮੈਸੇਜ ਭੇਜਣ ਵਾਲੇ ਵਿਅਕਤੀ ਨੂੰ ਆਪਣਾ ਦੋਸਤ ਸਮਝ ਕੇ ਉੱਥੇ ਸੱਦ ਲਿਆ ਤੇ ਉਸ ਨਾਲ ਸਰੀਰਕ ਸਬੰਧ ਬਣਾ ਲਏ। ਇਸ ਦੌਰਾਨ ਬਰਾੜ ਨੇ ਸ਼ੈਤਾਨੀ ਕਰਦਿਆਂ ਉਸ ਔਰਤ ਨੂੰ ਮੈਸੇਜ ਭੇਜ ਕੇ ਕਿਹਾ ਸੀ ਕਿ ਉਹ ਅੱਖਾਂ ਬੰਨ੍ਹ ਲਵੇ ਅਤੇ ਦਰਵਾਜ਼ਾ ਖੁੱਲ੍ਹਾ ਰੱਖੇ ਅਤੇ ਉਹ ਉਸੇ ਤਰ੍ਹਾਂ ਸਰੀਰਕ ਸਬੰਧ ਬਣਾਉਣਗੇ। ਔਰਤ ਨੇ ਅਜਿਹਾ ਹੀ ਕੀਤਾ ਤੇ ਮਗਰੋਂ ਪਤਾ ਲੱਗਾ ਕਿ ਉਹ ਵਿਅਕਤੀ ਉਸ ਦਾ ਅਸਲ ਮਿੱਤਰ ਨਹੀਂ ਸੀ। ਅਦਾਲਤ ਨੇ ਹੁਣ ਜਤਿੰਦਰ ਬਰਾੜ ਨੂੰ ਸੈਕਸੂਅਲ ਅਸਾਲਟ ਦਾ ਦੋਸ਼ੀ ਕਰਾਰ ਦਿੱਤਾ ਹੈ ਤੇ ਉਸ ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਹੈ।