ਲੰਡਨ (ਆਈਏਐੱਨਐੱਸ) : ਬਿ੍ਟੇਨ ਅਤੇ ਕੈਨੇਡਾ ਦੀਆਂ ਕਰੀਬ 8 ਯੂਨੀਵਰਸਿਟੀਆਂ ਦੇ ਡਾਟਾ ਵਿਚ ਸੰਨ੍ਹ ਲਾਏ ਜਾਣ ਦੀ ਖ਼ਬਰ ਹੈ। ਹੈਕਰਾਂ ਨੇ ਅਮਰੀਕੀ ਕੰਪਿਊਟਰ ਸਾਫਟਵੇਅਰ ਕੰਪਨੀ ਬਲੈਕਬਾਡ 'ਤੇ ਵੱਡੇ ਪੈਮਾਨੇ 'ਤੇ ਕੀਤੇ ਗਏ ਸਾਈਬਰ ਹਮਲੇ ਰਾਹੀਂ ਯੂਨੀਵਰਸਿਟੀ ਆਫ ਯਾਰਕ, ਯੂਨੀਵਰਸਿਟੀ ਕਾਲਜ ਆਕਸਫੋਰਡ, ਯੂਨੀਵਰਸਿਟੀ ਆਫ ਲੀਡਸ ਅਤੇ ਯੂਨੀਵਰਸਿਟੀ ਆਫ ਲੰਡਨ ਸਮੇਤ ਅੱਠ ਯੂਨੀਵਰਸਿਟੀਆਂ ਨੂੰ ਨਿਸ਼ਾਨਾ ਬਣਾਇਆ। ਮੌਜੂਦਾ ਅਤੇ ਸਾਬਕਾ ਵਿਦਿਆਰਥੀਆਂ ਦੇ ਡਾਟਾ ਚੋਰੀ ਹੋਣ 'ਤੇ ਇਨ੍ਹਾਂ ਯੂਨੀਵਰਸਿਟੀਆਂ ਨੇ ਪ੍ਰਭਾਵਿਤ ਲੋਕਾਂ ਤੋਂ ਮਾਫ਼ੀ ਮੰਗੀ ਹੈ।

ਬੀਬੀਸੀ ਨੇ ਸ਼ੁੱਕਰਵਾਰ ਨੂੰ ਆਪਣੀ ਖ਼ਬਰ ਵਿਚ ਦੱਸਿਆ ਕਿ ਦੁਨੀਆ ਦੇ ਸਭ ਤੋਂ ਵੱਡੇ ਐਜੂਕੇਸ਼ਨ ਐਡਮਨਿਸਟ੍ਰੇਸ਼ਨ ਅਤੇ ਫਾਇਨਾਂਸ਼ੀਅਲ ਮੈਨੇਜਮੈਂਟ ਪ੍ਰੋਵਾਈਡਰ ਕੰਪਨੀ ਬਲੈਕਬਾਡ ਨੂੰ ਮਈ ਵਿਚ ਹੈਕ ਕੀਤਾ ਗਿਆ ਸੀ। ਹਾਲਾਂਕਿ ਕੰਪਨੀ ਨੇ ਅਜੇ ਤਕ ਇਸ ਘਟਨਾ ਨੂੰ ਉਜਾਗਰ ਨਹੀਂ ਕੀਤਾ ਹੈ। ਹੁਣ ਇਹ ਪਤਾ ਲੱਗਾ ਹੈ ਕਿ ਡਾਟਾ ਚੋਰੀ ਹੋਣ ਤੋਂ ਅੱਠ ਯੂਨੀਵਰਸਿਟੀਆਂ ਪ੍ਰਭਾਵਿਤ ਹੋਈਆਂ ਸਨ। ਹੈਕਰਾਂ ਦਾ ਨਿਸ਼ਾਨਾ ਬਣਨ ਵਾਲੀਆਂ ਸਾਰੀਆਂ ਯੂਨੀਵਰਸਿਟੀਆਂ ਉਨ੍ਹਾਂ ਸਾਰੇ ਲੋਕਾਂ ਨੂੰ ਈ-ਮੇਲ ਭੇਜ ਕੇ ਮਾਫ਼ੀ ਮੰਗ ਰਹੀਆਂ ਹਨ ਜਿਨ੍ਹਾਂ ਦੇ ਬਾਰੇ ਵਿਚ ਜਾਣਕਾਰੀ ਚੋਰੀ ਹੋਈ ਹੈ। ਇਹ ਦੱਸਿਆ ਜਾ ਰਿਹਾ ਹੈ ਕਿ ਮੌਜੂਦਾ ਅਤੇ ਸਾਬਕਾ ਵਿਦਿਆਰਥੀਆਂ ਦੇ ਨਾਲ ਹੀ ਸਟਾਫ ਦੇ ਬਾਰੇ ਵਿਚ ਡਾਟਾ ਚੋਰੀ ਹੋਇਆ ਹੈ। ਇਸ ਦੇ ਇਲਾਵਾ ਫੋਨ ਨੰਬਰ ਅਤੇ ਚੰਦਾ ਦੇਣ ਵਾਲਿਆਂ ਦੇ ਡਾਟਾ ਵਿਚ ਵੀ ਸੰਨ੍ਹ ਲਾਈ ਗਈ ਹੈ।