ਬਲਜਿੰਦਰ ਸੇਖਾ, ਓਟਾਵਾ : ਕੈਨੇਡਾ ਦੀ ਫੈਡਰਲ ਸਰਕਾਰ ਸਤੰਬਰ ਦੇ ਅੰਤ ਤੱਕ ਕੋਵਿਡ-19 ਸਬੰਧੀ ਵੈਕਸੀਨ ਬਾਰੇ ਸਰਹੱਦੀ ਨਿਯਮਾਂ ਨੂੰ ਖਤਮ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਦੇ ਨਾਲ ਹੀ ਸਰਕਾਰ ਐਰਾਈਵਕੈਨ ਨੂੰ ਵਿਕਲਪਿਕ ਐਪ ਬਣਾਉਣ ਦੀ ਵੀ ਯੋਜਨਾ ਬਣਾ ਰਹੀ ਹੈ।ਸਰਕਾਰ ਇਸ ਮਹੀਨੇ ਦੇ ਅੰਤ ਤੱਕ ਮਹਾਮਾਰੀ ਸਬੰਧੀ ਆਪਣੀਆਂ ਨੀਤੀਆਂ ਵਿੱਚ ਬਦਲਾਅ ਕਰੇਗੀ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਨੇਡਾ ਦੀ ਲਿਬਰਲ ਸਰਕਾਰ ਨੇ ਯਾਤਰੀਆਂ ਲਈ ਕੋਵਿਡ-19 ਟੈਸਟਿੰਗ ਨੂੰ ਖਤਮ ਕਰਨ ਦੇ ਵੀ ਸੰਕੇਤ ਦਿੱਤੇ ਹਨ।

ਯਾਦ ਰਹੇ ਕਿ ਇਸ ਸਾਲ ਜੂਨ ਦੇ ਅਖੀਰ ਵਿੱਚ, ਫੈਡਰਲ ਸਰਕਾਰ ਨੇ ਕਿਹਾ ਸੀ ਕਿ ਸਰਹੱਦੀ ਪਾਬੰਦੀਆਂ, ਜਿਨ੍ਹਾਂ ਵਿੱਚ ਕੈਨੇਡਾ ਵਿੱਚ ਦਾਖਲ ਹੋਣ ਲਈ ਟੀਕਾਕਰਨ ਦੇ ਸਬੂਤ ਦੀ ਵੀ ਲੋੜ ਹੁੰਦੀ ਹੈ, ਘੱਟੋ-ਘੱਟ 30 ਸਤੰਬਰ ਤੱਕ ਲਾਗੂ ਰਹਿਣਗੀਆਂ। ਫੈਡਰਲ ਸਰਕਾਰ ਇਹਨਾਂ ਮਿਆਰਾਂ ਨੂੰ ਅੱਗੇ ਨਾ ਵਧਾਉਣ ਦਾ ਮਨ ਬਣਾ ਰਹੀ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਸਰਕਾਰ ਇਸ ਮਹੀਨੇ ਦੇ ਅੰਤ ਤੱਕ ਟੀਕਾਕਰਨ ਸਬੰਧੀ ਕਿਹੜੇ ਨਿਯਮਾਂ ਵਿੱਚ ਬਦਲਾਅ ਕਰੇਗੀ। ਆਉਣ ਵਾਲੇ ਦਿਨਾਂ ਵਿੱਚ ਇਸ ਸਬੰਧੀ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ।

Posted By: Jagjit Singh