ਪੰਜਾਬੀ ਜਾਗਰਣ ਕੇਂਦਰ, ਔਟਵਾ (ਕੈਨੇਡਾ) : ਭਾਰਤੀ ਮੂਲ ਦੇ ਕੈਨੇਡੀਅਨ ਐੱਮਪੀ ਚੰਦਰ ਆਰਿਆ (ਲਿਬਰਲ ਪਾਰਟੀ) ਨੇ ਸੰਸਦ ਵਿਚ ਇਕ ਮਤਾ ਪੇਸ਼ ਕੀਤਾ ਹੈ, ਜਿਸ ’ਚ ਕਿਹਾ ਗਿਆ ਹੈ ਕਿ ਨਵੰਬਰ ਨੂੰ ‘ਹਿੰਦੂ ਵਿਰਾਸਤੀ ਮਹੀਨਾ’ ਐਲਾਨਿਆ ਜਾਣਾ ਚਾਹੀਦਾ ਹੈ। ਇਸ ਮਤੇ ’ਤੇ ਹਾਲੇ ਬਹਿਸ ਹੋਣੀ ਹੈ ਤੇ ਸੰਸਦ ਦੇ ਦੋਵੇਂ ਸਦਨਾਂ ਹਾਊਸ ਆਫ ਕਾਮਨਜ਼ ਅਤੇ ਸੈਨੇਟ ’ਚ ਪਾਸ ਹੋਣਾ ਹੈ।

ਉਨਟਾਰੀਓ ਸੂਬੇ ਦੇ ਨੇਪੀਅਨ ਹਲਕੇ ਤੋਂ ਸੰਸਦ ਮੈਂਬਰ ਚੰਦਰ ਆਰਿਆ ਨੇ ਆਪਣੇ ਮਤੇ ਵਿਚ ਦਲੀਲ ਦਿੱਤੀ ਹੈ ਕਿ ਕੈਨੇਡਾ ’ਚ ਹਿੰਦੂ ਭਾਈਚਾਰੇ ਦਾ ਯੋਗਦਾਨ ਸਦਾ ਵਰਨਣਯੋਗ ਰਿਹਾ ਹੈ। ਇਸ ਤੋਂ ਇਲਾਵਾ ਹਿੰਦੂ ਵਿਰਾਸਤ ਦੀ ਅਮੀਰੀ ਤੋਂ ਪੂਰਾ ਸੰਸਾਰ ਜਾਣੂ ਹੈ। ਉਨ੍ਹਾਂ ਕਿਹਾ ਕਿ ਕਲਾ, ਵਿਗਿਆਨ, ਖਗੋਲ ਵਿਗਿਆਨ ਤੋਂ ਲੈ ਕੇ ਔਸ਼ਧੀ ਦੇ ਖੇਤਰ ਦੇ ਨਾਲ-ਨਾਲ ਸਭਿਆਚਾਰ ਤੇ ਪਰੰਪਰਾ ਦੇ ਮਾਮਲਿਆਂ ’ਚ ਭਾਰਤੀ ਅਤੇ ਹਿੰਦੂ ਭਾਈਚਾਰੇ ਦੇ ਵਿਲੱਖਣ ਯੋਗਦਾਨ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ।

ਵਰਨਣਯੋਗ ਹੈ ਕਿ ਕੈਨੇਡਾ ’ਚ ਅਪ੍ਰੈਲ ਨੂੰ ‘ਸਿੱਖ ਵਿਰਾਸਤੀ ਮਹੀਨਾ’, ਮਈ ਨੂੰ ‘ਯਹੂਦੀ ਮਹੀਨਾ’ ਅਤੇ ਅਕਤੂਬਰ ਨੂੰ ‘ਮੁਸਲਿਮ ਵਿਰਾਸਤੀ ਮਹੀਨਾ’ ਵਜੋਂ ਮਾਨਤਾ ਹਾਸਲ ਹੈ। ਇਸੇ ਲਈ ਹੁਣ ਚੰਦਰ ਆਰਿਆ ਦੀ ਦਲੀਲ ਹੈ ਕਿ ਨਵੰਬਰ ਮਹੀਨੇ ਵਿਚ ਹਿੰਦੂ ਭਾਈਚਾਰੇ ਵੱਲੋਂ ਦੀਵਾਲ਼ੀ ਤੇ ਹੋਰ ਕਈ ਵੱਡੇ ਤਿਉਹਾਰ ਮਨਾਏ ਜਾਂਦੇ ਹਨ, ਇਸੇ ਲਈ ਉਸ ਨੂੰ ‘ਹਿੰਦੂ ਵਿਰਾਸਤੀ ਮਹੀਨਾ’ ਐਲਾਨਿਆ ਜਾਣਾ ਚਾਹੀਦਾ ਹੈ।

ਮਾਈਕ੍ਰੋਸਾਫ਼ਟ ਨੈੱਟਵਰਕ ਦੇ ‘ਵੀਓਨ’ ਵੱਲੋਂ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਐੱਮਪੀ ਚੰਦਰ ਆਰਿਆ ਦਾ ਕਹਿਣਾ ਹੈ ਕਿ ਹਿੰਦੂ ਭਾਈਚਾਰੇ ਨੇ 100 ਵਰ੍ਹੇ ਪਹਿਲਾਂ ਤੋਂ ਕੈਨੇਡਾ ਆਉਣਾ ਸ਼ੁਰੂ ਕਰ ਦਿੱਤਾ ਸੀ। ਅੱਜ ਕੈਨੇਡਾ ’ਚ ਉਨ੍ਹਾਂ ਦੀ ਆਬਾਦੀ 6 ਲੱਖ ਦੇ ਲਗਪਗ ਹੈ। ਭਾਰਤ ਤੋਂ ਇਲਾਵਾ ਸ੍ਰੀਲੰਕਾ, ਨੇਪਾਲ, ਦੱਖਣ-ਪੂਰਬੀ ਏਸ਼ੀਆ ਤੇ ਅਫ਼ਰੀਕੀ ਦੇਸ਼ਾਂ ਤੋਂ ਹਿੰਦੂ ਕੈਨੇਡਾ ਆ ਕੇ ਵੱਸਦੇ ਰਹੇ ਹਨ। ਹੁਣ ਉਹ ਇੱਥੇ ਡਾਕਟਰ ਵੀ ਹਨ ਤੇ ਵਿਗਿਆਨੀਆਂ, ਇੰਜੀਨੀਅਰਾਂ, ਵਕੀਲਾਂ, ਕਾਰੋਬਾਰੀਆਂ, ਕਲਾਕਾਰਾਂ, ਅਕਾਦਮੀਸ਼ੀਅਨਾਂ, ਸਰਕਾਰੀ ਅਧਿਕਾਰੀਆਂ ਤੇ ਜਮਹੂਰੀ ਢੰਗ ਨਾਲ ਬਾਕਾਇਦਾ ਚੁਣੇ ਗਏ ਅਧਿਕਾਰੀਆਂ ਵਜੋਂ ਉਨ੍ਹਾਂ ਦੀ ਇਕ ਅਮੀਰ ਕੈਨੇਡੀਅਨ ਵਿਰਾਸਤ ਵੀ ਹੈ।

Posted By: Sandip Kaur