ਟੋਰੰਟੋ (ਏਜੰਸੀਆਂ) : ਕੈਨੇਡਾ ਦੇ ਸੰਘਣੀ ਅਬਾਦੀ ਵਾਲੇ ਸੂਬੇ ਓਂਟਾਰੀਓ 'ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਇਨਫੈਕਸ਼ਨ ਕਾਰਨ ਹਾਲਾਤ ਖ਼ਰਾਬ ਹੋ ਗਏ ਹਨ। ਮਹਾਮਾਰੀ 'ਤੇ ਕਾਬੂ ਪਾਉਣ ਲਈ ਹੁਣ ਇੱਥੇ ਚਾਰ ਹਫ਼ਤੇ ਦਾ ਪੂਰੀ ਤਰ੍ਹਾਂ ਲਾਕਡਾਊਨ ਕਰ ਦਿੱਤਾ ਗਿਆ ਹੈ।

ਵਧਦੇ ਮਰੀਜ਼ਾਂ ਕਾਰਨ ਹੋਟਲ-ਰੈਸਟੋਰੈਂਟ 'ਚ ਬੰਦ ਕਰ ਦਿੱਤੇ ਗਏ ਹਨ। ਪਰਸਨਲ ਕੇਅਰ ਤੇ ਜਿਮ ਵੀ ਇਸ ਦੌਰਾਨ ਬੰਦ ਰਹਿਣਗੇ। ਸਿਰਫ਼ ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਤੇ ਹੋਰ ਸਟੋਰ ਹੀ ਖੁੱਲ੍ਹ ਸਕਣਗੇ। ਇਨ੍ਹਾਂ ਸਟੋਰਾਂ 'ਤੇ ਵੀ ਪੰਜਾਹ ਫ਼ੀਸਦੀ ਸਮਰੱਥਾ ਤੋਂ ਵੱਧ ਲੋਕ ਖ਼ਰੀਦਦਾਰੀ ਨਹੀਂ ਕਰ ਸਕਣਗੇ। ਇੱਥੇ ਹਰ ਰੋਜ਼ ਢਾਈ ਹਜ਼ਾਰ ਤੋਂ ਵੱਧ ਕੇਸ ਆਉਣ ਵਾਲੇ ਹਨ।

ਬ੍ਰਾਜ਼ੀਲ 'ਚ ਹਾਲਾਤ ਖ਼ਰਾਬ

ਬ੍ਰਾਜ਼ੀਲ 'ਚ ਕੋਰੋਨਾ ਬੇਕਾਬੂ ਹੋ ਗਿਆ ਹੈ। ਇੱਥੇ ਇਕ ਦਿਨ 'ਚ 91 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ 'ਚ 3769 ਲੋਕਾਂ ਦੀ ਮੌਤ ਹੋ ਗਈ ਹੈ। ਸਿਰਫ਼ ਮਾਰਚ 'ਚ ਹੀ 66 ਹਜ਼ਾਰ ਲੋਕ ਇਨਫੈਕਸ਼ਨ 'ਚ ਮਾਰੇ ਗਏ।

ਫਰਾਂਸ ਤੇ ਤੁਰਕੀ 'ਚ ਵੀ ਵਧੇ ਮਰੀਜ਼

ਫਰਾਂਸ 'ਚ ਇਕ ਦਿਨ 'ਚ 50 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ ਹਨ। ਇੱਥੇ ਇਕ ਦਿਨ 'ਚ 308 ਲੋਕਾਂ ਦੀ ਮੌਤ ਹੋਈ। ਤੀਜੀ ਲਹਿਰ ਸ਼ੁਰੂ ਹੋਣ ਤੋਂ ਬਾਅਦ ਇੱਥੇ ਤੀਜੇ ਲਾਕਡਾਊਨ ਦੀ ਤਿਆਰੀ ਹੋ ਰਹੀ ਹੈ। ਤੁਰਕੀ 'ਚ ਇਕ ਦਿਨ 'ਚ 40 ਹਜ਼ਾਰ ਤੋਂ ਵੱਧ ਕੋਰੋਨਾ ਇਨਫੈਕਸ਼ਨ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਇੱਥੇ ਗਿਣਤੀ ਮਹਾਮਾਰੀ ਦੇ ਸ਼ੁਰੂ ਹੋਣ ਤੋਂ ਬਾਅਦ ਤੋਂ ਹੁਣ ਤਕ ਸਭ ਤੋਂ ਵੱਧ ਹੈ।

ਪਾਕਿ 'ਚ ਇਕ ਦਿਨ 'ਚ ਪੰਜ ਹਜ਼ਾਰ ਕੇਸ

ਪਾਕਿਸਤਾਨ 'ਚ ਪਿਛਲੇ 24 ਘੰਟਿਆਂ ਦੌਰਾਨ ਪੰਜ ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਪਿਛਲੇ ਸਾਲ ਜੂਨ ਤੋਂ ਬਾਅਦ ਇਕ ਦਿਨ 'ਚ ਸਭ ਤੋਂ ਵੱਧ ਮਰੀਜ਼ਾਂ 'ਚ ਵਾਧਾ ਹੋਇਆ ਹੈ। ਕੋਰੋਨਾ ਵਧਣ ਦੇ ਨਾਲ ਹੀ ਵੈਕਸੀਨ ਸਕੈਮ ਵੀ ਸਾਹਮਣੇ ਆਉਣ ਲੱਗਿਆ ਹੈ। ਇੱਥੇ ਪਹਿਲਾ ਮਾਮਲਾ 1400 ਵੈਕਸੀਨ ਦਾ ਹੈ, ਜਿਹੜਾ ਗ਼ੈਰ-ਅਧਿਕਾਰਤ ਲੋਕਾਂ ਨੂੰ ਲਗਾ ਦਿੱਤੀ ਗਈ ਹੈ। ਇਸ ਸਕੈਮ 'ਚ ਤਿੰਨ ਹਸਪਤਾਲ ਸ਼ਾਮਲ ਹਨ।

ਕੋਰੋਨਾ ਇਨਫੈਕਸ਼ਨ 'ਚ ਤੇਜ਼ੀ ਤੋਂ ਬਾਅਦ ਬਰਤਾਨੀਆ ਨੇ ਪਾਕਿਸਤਾਨ ਤੇ ਬੰਗਲਾਦੇਸ਼ ਨੂੰ ਰੈੱਡ ਲਿਸਟ 'ਚ ਪਾ ਦਿੱਤਾ ਹੈ। ਇਨ੍ਹਾਂ ਦੋਵਾਂ ਹੀ ਦੇਸ਼ਾਂ ਤੋਂ ਨਾ ਤਾਂ ਹੁਣ ਯਾਤਰੀ ਆ ਸਕਣਗੇ ਤੇ ਨਾ ਹੀ ਇਨ੍ਹਾਂ ਥਾਵਾਂ 'ਤੇ ਬਰਤਾਨੀਆ ਤੋਂ ਯਾਤਰੀ ਜਾ ਸਕਣਗੇ।