ਸੰਦੀਪ ਸਿੰਘ ਧੰਜੂ, ਸਰੀ/ਬਿਆਸ : ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਦੀ ਡੈਲਟਾ ਪੁਲਿਸ ਵਿਚ ਸੇਵਾਵਾਂ ਨਿਭਾਅ ਰਹੇ ਬਿਆਸ ਦੇ ਜੰਮਪਲ ਨੌਜਵਾਨ ਪੁਲਿਸ ਅਫਸਰ ਬਿਕਰਮਦੀਪ ਸਿੰਘ ਰੰਧਾਵਾ ਦੀ ਅਣਪਛਾਤੇ ਵਿਅਕਤੀ ਵੱਲੋਂ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਬਿਕਰਮਦੀਪ ਜ਼ਿਲ੍ਹਾ ਅੰਮਿ੍ਤਸਰ ਦੇ ਪਿੰਡ ਬਿਆਸ ਦਾ ਰਹਿਣ ਵਾਲਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਕਰੀਬ 14 ਸਾਲਾਂ ਦੀ ਉਮਰ ਵਿਚ ਕੈਨੇਡਾ ਚਲਾ ਗਿਆ ਸੀ ਅਤੇ ਉਸ ਦੇ ਵੱਡੇ ਭਰਾ ਅਤੇ ਹੋਰ ਰਿਸ਼ਤੇਦਾਰ ਕੈਨੇਡਾ ਵਿਚ ਰਹਿੰਦੇ ਹਨ।

ਜਾਣਕਾਰੀ ਅਨੁਸਾਰ ਇਹ ਘਟਨਾ ਸ਼ਹਿਰ ਦੇ ਉੱਤਰੀ ਹਿੱਸੇ ਵਿੱਚ ਸਕਾਟ ਰੋਡ ਅਤੇ 72 ਐਵੀਨਿਊ ਸਥਿਤ ਸਕੌਟਸਡੇਲ ਸੈਂਟਰ ਮਾਲ ਦੇ ਵਾਲਮਾਰਟ ਵਾਲੀ ਪਾਰਕਿੰਗ 'ਚ ਵਾਪਰੀ।

ਸਥਾਨਕ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਇਸ ਇਲਾਕੇ ਨੂੰ ਸੀਲ ਕਰ ਕੇ ਘਟਨਾ ਦੀ ਤਫਤੀਸ਼ ਕਰਦਿਆਂ ਇਸ ਸਬੰਧ ਵਿਚ ਕੁਝ ਗਵਾਹਾਂ ਦੇ ਬਿਆਨ ਵੀ ਲਏ ਹਨ, ਪਰ ਇਹ ਖਬਰ ਲਿਖੇ ਜਾਣ ਤਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਪੁਲਿਸ ਅਨੁਸਾਰ ਇਹ ਮਿਥ ਕੇ ਕੀਤੇ ਗਏ ਕਤਲ ਦੀ ਘਟਨਾ ਜਾਪਦੀ ਹੈ। ਦਿਨ-ਦਿਹਾੜੇ ਸ਼ਹਿਰ ਦੇ ਗਹਿਮਾ ਗਹਿਮੀ ਵਾਲੇ ਖੇਤਰ ਵਿਚ ਵਾਪਰੀ ਇਸ ਘਟਨਾ ਨੇ ਮੌਕੇ 'ਤੇ ਮੌਜੂਦ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ।
Posted By: Seema Anand