ਸੰਦੀਪ ਸਿੰਘ ਧੰਜੂ, ਸਰੀ : ਇਥੋਂ ਨੇੜਲੇ ਸ਼ਹਿਰ ਕੈਲੋਨਾ ਕੋਲ ਉਕਨਾਗਨ ਦੇ ਮਿੱਲ ਕਰੀਕ ਰਿਜਨਲ ਪਾਰਕ 'ਚ ਇਕ ਵਿਅਕਤੀ ਦੀ ਡੁੱਬਣ ਕਾਰਨ ਉਸ ਵੇਲੇ ਮੌਤ ਹੋ ਗਈ ਜਦੋਂ ਉਸ ਨੇ ਆਪਣੀ ਧੀ ਨੂੰ ਬਚਾਉਣ ਲਈ ਪਾਣੀ 'ਚ ਛਾਲ ਮਾਰ ਦਿੱਤੀ। ਸਰੀ 'ਚ ਪ੍ਰਾਪਰਟੀ ਦਾ ਕੰਮ ਕਰਦਾ 46 ਸਾਲਾ ਕਾਸ਼ਿਫ ਸ਼ੇਖ ਆਪਣੇ ਪਰਿਵਾਰ ਸਮੇਤ ਪਾਰਕ 'ਚ ਝਰਨੇ ਤਕ ਘੁੰਮਣ ਗਿਆ ਸੀ ਜਿਸ ਦੌਰਾਨ ਉਸ ਦੀ 13 ਸਾਲਾ ਧੀ ਅਚਾਨਕ ਪੈਰ ਤਿਲਕ ਜਾਣ ਕਾਰਨ ਪਾਣੀ 'ਚ ਡਿੱਗ ਪਈ। ਉਸ ਨੂੰ ਬਚਾਉਣ ਲਈ ਕਾਸ਼ਿਫ ਨੇ ਵੀ ਪਾਣੀ 'ਚ ਛਾਲ ਮਾਰ ਦਿੱਤੀ। ਉਸ ਦੀ ਧੀ ਤਾਂ ਬਚ ਗਈ ਪਰ ਕਾਸ਼ਿਫ ਸ਼ੇਖ ਨੂੰ ਬਚਾਇਆ ਨਾ ਜਾ ਸਕਿਆ। ਮੌਕੇ 'ਤੇ ਪੁੱਜੀ ਪੁਲਿਸ ਤੇ ਘੁੰਮਣ ਗਏ ਹੋਰ ਲੋਕਾਂ ਨੇ ਵੀ ਕਾਸ਼ਿਫ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਮਿ੍ਤਕ ਕਾਸ਼ਿਫ ਸ਼ੇਖ 4 ਬੱਚਿਆਂ ਦਾ ਪਿਤਾ ਸੀ ਤੇ ਵੈਨਕੂਵਰ ਹਵਾਈ ਅੱਡੇ 'ਤੇ ਵਧੀਆ ਨੌਕਰੀ ਕਰਦਾ ਸੀ ਪਰ ਆਪਣੇ ਪਰਿਵਾਰ ਨੂੰ ਜ਼ਿਆਦਾ ਸਮਾਂ ਨਹੀਂ ਦੇ ਪਾਉਂਦਾ ਸੀ। ਉਸ ਨੇ ਕੁਝ ਸਮਾਂ ਪਹਿਲਾਂ ਹੀ ਪ੍ਰਾਪਰਟੀ ਏਜੰਟ ਵਜੋਂ ਕੰਮ ਸ਼ੁਰੂ ਕੀਤਾ ਸੀ। ਕਾਸ਼ਿਫ ਦੇ ਦੋਸਤ ਤੇ ਰਿਸ਼ਤੇਦਾਰ ਉਸ ਨੂੰ ਇਕ ਚੰਗੇ ਇਨਸਾਨ ਵਜੋਂ ਯਾਦ ਕਰਦਿਆਂ ਸ਼ਰਧਾਂਜਲੀ ਦੇ ਰਹੇ ਹਨ।