ਓਟਾਵਾ : ਕੈਨੇਡਾ-ਅਮਰੀਕਾ ਸਰਹੱਦ ਨੇੜੇ ਸੇਂਟ ਲਾਰੈਂਸ ਨਦੀ ਦੇ ਕੰਢੇ ਤੋਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਦੋ ਬੱਚਿਆਂ ਸਮੇਤ ਅੱਠ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਇਨ੍ਹਾਂ ਵਿਚ ਪੰਜ ਭਾਰਤੀ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਲਾਸ਼ਾਂ ਡੁੱਬੀ ਕਿਸ਼ਤੀ ਦੇ ਨੇੜੇ ਮਿਲੀਆਂ ਹਨ। ਲਾਸ਼ਾਂ ਦੋ ਪਰਿਵਾਰਾਂ ਦੀਆਂ ਦੱਸੀਆਂ ਜਾ ਰਹੀਆਂ ਹਨ। ਇਨ੍ਹਾਂ ਵਿਚੋਂ ਇਕ ਪਰਿਵਾਰ ਭਾਰਤੀ ਸੀ, ਜਦਕਿ ਦੂਜਾ ਪਰਿਵਾਰ ਰੋਮਾਨੀਆ ਮੂਲ ਦਾ ਸੀ, ਜਿਨ੍ਹਾਂ ਕੋਲੋਂ ਕੈਨੇਡੀਅਨ ਪਾਸਪੋਰਟ ਬਰਾਮਦ ਕੀਤਾ ਗਿਆ ਹੈ। ਦੂਜੇ ਪਾਸੇ ਕੈਨੇਡੀਅਨ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਥਾਨਕ ਪੁਲਿਸ ਮੁਖੀ ਸੀਨ ਡੁਲੂਡੇ ਨੇ ਕਿਹਾ ਕਿ ਪਾਣੀ ਵਿੱਚੋਂ ਕੁੱਲ ਅੱਠ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚ 6 ਬਾਲਗ ਤੇ 2 ਬੱਚੇ ਸ਼ਾਮਲ ਹਨ। ਵੀਰਵਾਰ ਦੇਰ ਸ਼ਾਮ ਪਹਿਲੇ 6 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਦੋ ਵਿਅਕਤੀਆਂ ਜਿਨ੍ਹਾਂ ਦੀਆਂ ਲਾਸ਼ਾਂ ਬਾਅਦ ਵਿਚ ਮਿਲੀਆਂ ਸਨ, ਇਕ ਰੋਮਾਨੀਅਨ ਮੂਲ ਦਾ ਬੱਚਾ ਤੇ ਇਕ ਭਾਰਤੀ ਔਰਤ ਸ਼ਾਮਲ ਹੈ। ਕੈਨੇਡੀਅਨ ਅਧਿਕਾਰੀਆਂ ਦਾ ਮੰਨਣਾ ਹੈ ਕਿ ਸਾਰੇ ਕੈਨੇਡਾ ਤੋਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ।

ਮੋਹੌਕ ਕਬਾਇਲੀ ਖੇਤਰ ਕੈਨੇਡੀਅਨ ਪ੍ਰਾਂਤਾਂ ਕਿਊਬਿਕ ਤੇ ਓਨਟਾਰੀਓ ਅਤੇ ਅਮਰੀਕਾ ਦੇ ਨਿਊਯਾਰਕ ਰਾਜ ਤਕ ਫੈਲਿਆ ਹੋਇਆ ਹੈ। ਇਹ ਸ਼ੱਕ ਹੈ ਕਿ ਮੀਂਹ, ਗੜੇਮਾਰੀ ਤੇ ਤੇਜ਼ ਹਵਾ ਸਮੇਤ ਖਰਾਬ ਮੌਸਮ ਕਾਰਨ ਕਿਸ਼ਤੀ ਪਲਟ ਗਈ, ਜਿਸ ਨਾਲ ਸਵਾਰ ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਮੌਤ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਪੋਸਟਮਾਰਟਮ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।ਉੱਥੇ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਸਾਡੀ ਹਮਦਰਦੀ ਹੈ। ਇਹ ਇਕ ਦਿਲ ਦਹਿਲਾਉਣ ਵਾਲੀ ਸਥਿਤੀ ਹੈ।

Posted By: Seema Anand