ਕੈਲਗਰੀ : ਕੈਨੇਡਾ ਦੀ ਇੰਟੈਲੀਜੈਂਸ ਏਜੰਸੀ ਕੈਨੇਡੀਅਨ ਸਕਿਓਰਿਟੀ ਇੰਟੈਲੀਜੈਂਸ ਸਰਵਿਸਿਜ਼- ਸੀ-ਸਿਸ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਪੀਅਰ ਟਰੂਡੋ ਬਾਰੇ ਇਕ ਮਹੱਤਵਪੂਰਨ ਦਸਤਾਵੇਜ਼ ਆਰਕਾਈਵ ਵਿਭਾਗ ਨੂੰ ਸੌਂਪੇ ਜਾਣ ਦੀ ਥਾਂ ਉਸ ਨੂੰ ਨਸ਼ਟ ਕਰ ਦਿੱਤਾ ਗਿਆ ਦੱਸਿਆ ਜਾਂਦਾ ਹੈ। ਇਹ ਦਸਤਾਵੇਜ਼ ਸਾਲ 1989 ਦੀ ਠੰਢੀ ਜੰਗ ਨਾਲ ਸਬੰਧਤ ਹੈ। ਸੀ-ਸਿਸ ਦਾ ਕਹਿਣਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਨਾਲ ਸਬੰਧਤ ਇਹ ਫਾਈਲ ਇਸ ਕਰਕੇ ਨਸ਼ਟ ਕਰ ਦਿੱਤੀ ਗਈ ਹੈ ਕਿਉਂਕਿ ਇਹ ਏਜੰਸੀ ਜਾਂ ਆਰਕਾਈਵ ਵਿਭਾਗ ਵੱਲੋਂ ਸੰਭਾਲ ਕੇ ਰੱਖੇ ਜਾਣ ਲਈ ਲੋੜੀਂਦੀਆਂ ਕਾਨੂੰਨੀ ਜ਼ਰੂਰਤਾਂ ਪੂਰੀਆਂ ਨਹੀਂ ਕਰਦੀ ਸੀ। ਇਸ ਖ਼ਬਰ ਦੇ ਬਾਹਰ ਆਉਣ ਮਗਰੋਂ ਇਤਿਹਾਸਕਾਰਾਂ ਦੇ ਨਾਲ-ਨਾਲ ਰਾਜਨੀਤਕ ਜਾਣਕਾਰਾਂ ਵੱਲੋਂ ਨਿਰਾਸ਼ਾ ਪ੍ਰਗਟ ਕੀਤੀ ਜਾ ਰਹੀ ਹੈ। ਦੇਸ਼ ਦੀ ਸਕਿਓਰਿਟੀ ਏਜੰਸੀ ਵਾਸਤੇ ਵਰਿ੍ਹਆਂ ਤਕ ਦਸਤਾਵੇਜ਼ਾਂ ਦੀ ਸੰਭਾਲ ਕਰਦੇ ਆ ਰਹੇ ਮਾਹਿਰ ਸਟੀਵ ਹੇਵਿਟ ਨੇ ਇਸ ਨੂੰ ਕੈਨੇਡਾ ਦੇ ਇਤਿਹਾਸ ਨਾਲ ਖਿਲਵਾੜ ਦੱਸਿਆ ਹੈ। ਉਨ੍ਹਾਂ ਕਿਹਾ ਹੈ ਕਿ ਇਹ ਕ੍ਰਾਈਮ ਦੀ ਜ਼ਦ ਵਿਚ ਆਉਂਦਾ ਹੈ। ਉਨ੍ਹਾਂ ਨੇ ਇਸ ਮਾਮਲੇ ਦੀ ਪਾਰਲੀਮਾਨੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।