ਓਟਾਵਾ (ਰਾਇਟਰ) : ਅਮਰੀਕਾ ’ਚ ਤਬਾਹੀ ਮਚਾਉਂਦੇ ਹੋਏ ਚੱਕਰਵਾਤ ਕੈਨੇਡਾ ਪੁੱਜ ਗਿਆ। ਇਸ ਕਰਾਨ ਓਂਟਾਰੀਓ ਸੂਬੇ ਦੇ ਉੱਤਰੀ, ਮੱਧ ਤੇ ਪੂਰਬੀ ਖੇਤਰਾਂ ’ਚ ਬਿਜਲੀ ਸਪਲਾਈ ਚਰਮਰਾ ਗਈ ਤੇ 2.80 ਲੱਖ ਘਰ ਤੇ ਸੰਸਥਾਵਾਂ ਹਨੇਰੇ ’ਚ ਡੁੱਬ ਗਈਆਂ। ਸੂਬੇ ਦੇ ਲਗਪਗ 14 ਲੱਖ ਲੋਕਾਂ ਨੂੰ ਬਿਜਲੀ ਸਪਲਾਈ ਕਰਨ ਵਾਲੀ ਕੰਪਨੀ ਹਾਈਡ੍ਰੋ ਵਨ ਦਾ ਕਹਿਣਾ ਹੈ ਕਿ ਕੁਝ ਹੋਰ ਇਲਾਕਿਆਂ ’ਚ ਬਿਜਲੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ। ਵਾਤਾਵਰਨ ਤੇ ਪੌਣਪਾਣੀ ਬਦਲਾਅ ਵਿਭਾਗ ਨੇ ਦੱਸਿਆ ਕਿ ਤੂਫ਼ਾਨ ਦੀ ਰਫ਼ਤਾਰ 120 ਕਿਲੋਮੀਟਰ ਪ੍ਰਤੀ ਘੰਟਾ ਰਹੀ। ਚੱਕਰਵਾਤ ਨਾਲ ਅਮਰੀਕਾ ਦੇ ਕੇਂਟੁਕੀ ਸੂਬੇ ’ਚ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਉੱਥੇ 100 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਮੇਫੀਲਡ ’ਚ ਮੋਮਬੱਤੀ ਫੈਕਟਰੀ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਈ, ਜਦੋਂਕਿ ਥਾਣਿਆਂ ਨੂੰ ਕਾਫ਼ੀ ਨੁਕਸਾਨ ਪੁੱਜਾ। ਗੁਆਂਢੀ ਮਿਸੌਰੀ ’ਚ ਇਕ ਨਰਸਿੰਗ ਹੋਮ ਢਹਿ ਗਿਆ ਜਦੋਂਕਿ ਇਲੀਨੋਇਸ ਸਥਿਤ ਐਮਾਜ਼ੋਨ ਦੇ ਵੇਅਰਹਾਊਸ ਤੇ ਛੇ ਮੁਲਾਜ਼ਮ ਮਾਰੇ ਗਏ।

ਗਵਰਨਰ ਐਂਡੀ ਬੇਸ਼ੀਅਰ ਨੇ ਕਿਹਾ ਕਿ ਸੂਬੇ ਦੇ ਇਤਿਹਾਸ ’ਚ ਚੱਕਰਵਾਤ ਕਾਰਨ ਏਨੀ ਬਰਬਾਦੀ ਕਦੇ ਨਹੀਂ ਹੋਈ। ਮੇਫੀਲਡ ਸਥਿਤ ਮੋਮਬੱਤੀ ਫੈਕਟਰੀ ’ਚੋਂ 40 ਮੁਲਾਜ਼ਮਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ। ਜਦੋਂ ਚੱਕਰਵਾਤ ਆਇਆ ਸੀ, ਉਦੋਂ ਉੱਥੇ 110 ਲੋਕ ਕੰਮ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ 189 ਨੈਸ਼ਨਲ ਗਾਰਡ ਨੂੰ ਰਾਹਤ ਤੇ ਬਚਾਅ ਕਾਰਜਾਂ ’ਚ ਲਗਾਇਆ ਗਿਆ ਹੈ। ਨਾਰਦਨ ਇਲੀਨੋਇਸ ਯੂਨੀਵਰਸਿਟੀ ’ਚ ਪ੍ਰੋਫੈਸਰ ਵਿਕਟਰ ਜੇਨਸਿਨੀ ਕਹਿੰਦੇ ਹਨ ਕਿ ਸਾਲ ਦੇ ਇਨ੍ਹਾਂ ਮਹੀਨਿਆਂ ’ਚ ਆਮ ਤੌਰ ’ਤੇ ਉੱਚ ਤਾਪਮਾਨ ਤੇ ਹੁੰਮਸ ਕਾਰਨ ਅਜਿਹੇ ਹਾਲਾਤ ਪੈਦਾ ਹੁੰਦੇ ਹਨ।

ਛੇ ਸੂਬਿਆਂ ’ਚੋਂ ਲੰਘੇ 30 ਚੱਕਰਵਾਤ

ਆਈਏਐੱਨਐੱਸ ਮੁਤਾਬਕ ਆਰਕੰਸਾਸ, ਮਿਸੀਸਿਪੀ, ਇਲੀਨੋਇਸ, ਕੇਂਟੁਕੀ, ਟੈਨੇਸੀ ਤੇ ਮਿਸੌਰੀ ਸੂਬਿਆਂ ’ਚ ਬਹੁਤ ਥੋਡ਼ੇ ਸਮੇਂ ਅੰਦਰ 30 ਚੱਕਰਵਾਤ ਲੰਘੇ। ਇਸ ਨੇ ਕੇਂਟੁਕੀ ਦੇ 350 ਕਿਲੋਮੀਟਰ ਤੋਂ ਵੱਧ ਵੱਡੇ ਇਲਾਕੇ ਨੂੰ ਨੁਕਸਾਨ ਪਹੁੰਚਾਇਆ। ਇਸ ਨੂੰ ਅਮਰੀਕੀ ਇਤਿਹਾਸ ਦਾ ਸਭ ਤੋਂ ਲੰਬਾ ਚੱਕਰਵਾਤ ਮੰਨਿਆ ਜਾ ਰਿਹਾ ਹੈ।

ਆਪਣਿਆਂ ਦੀ ਭਾਲ ਕਰ ਰਹੇ ਨੇ ਲੋਕ

ਪ੍ਰਭਾਵਿਤ ਸੂਬਿਆਂ ’ਚ ਦਰਜਨਾਂ ਮਕਾਨ ਢਹਿ ਗਏ ਹਨ, ਜਿਨ੍ਹਾਂ ਦੇ ਮਲਬੇ ’ਚ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। ਰਾਹਤ ਕਰਮੀ ਮਕਾਨਾਂ ਤੇ ਵਾਹਨਾਂ ’ਤੇ ਡਿੱਗੇ ਮਲਬੇ ਨੂੰ ਹਟਾ ਰਹੇ ਹਨ, ਤਾਂਕਿ ਉੱਥੇ ਫਸੇ ਲੋਕਾਂ ਨੂੰ ਕੱਢਿਆ ਜਾ ਸਕੇ। ਕਈ ਮਕਾਨਾਂ ਦੀਆਂ ਬਾਰੀਆਂ ਟੁੱਟ ਕੇ ਲਟਕ ਗਈਆਂ ਹਨ, ਜੋ ਆਫ਼ਤ ਦੀ ਕਹਾਣੀ ਕਹਿ ਰਹੀਆਂ ਹਨ। ਦਰਜਨਾਂ ਲੋਕ ਲਾਪਤਾ ਹਨ, ਜਿਨ੍ਹਾਂ ਨੂੰ ਪਰਿਵਾਰਕ ਮੈਂਬਰ ਲੱਭ ਰਹੇ ਹਨ।

ਅਮਰੀਕੀ ਇਤਿਹਾਸ ਦੇ ਭਿਆਨਕ ਚੱਕਰਵਾਤਾਂ ’ਚੋਂ ਇਕ : ਬਾਇਡਨ

ਰਾਸ਼ਟਰਪਤੀ ਜੋਅ ਬਾਇਡਨ ਨੇ ਕੇਂਟੁਕੀ ’ਚ ਆਫ਼ਤ ਦੇ ਐਲਾਨ ’ਤੇ ਮੋਹਰ ਲਗਾਉਂਦੇ ਹੋਏ ਸ਼ਨਿਚਰਵਾਰ ਨੂੰ ਕਿਹਾ ਕਿ ਇਹ ਦੇਸ਼ ਦੇ ਇਤਿਹਾਸ ਦੇ ਸਭ ਤੋਂ ਭਿਆਨਕ ਚੱਕਰਵਾਤਾਂ ’ਚੋਂ ਇਕ ਹੈ। ਉਹ ਵਾਤਾਵਰਨ ਸੰਭਾਲ ਏਜੰਸੀ ਤੋਂ ਇਹ ਪਤਾ ਲਗਾਉਣ ਲਈ ਕਹਿਣਗੇ ਕਿ ਏਨਾ ਭਿਆਨਕ ਚੱਕਰਵਾਤ ਕਿਵੇਂ ਆਇਆ। ਉਨ੍ਹਾਂ ਚੱਕਰਵਾਤ ਚਿਤਾਵਨੀ ਪ੍ਰਣਾਲੀ ’ਤੇ ਵੀ ਸਵਾਲ ਕੀਤਾ।

Posted By: Tejinder Thind