ਕੁਲਵੰਤ ਉੱਭੀ ਧਾਲੀਆਂ, ਫਰਿਜ਼ਨੋ : ਰੋਜ਼ਾਨਾ ਕੰਮਕਾਰ ਦੇ ਰੁਝੇਵਿਆਂ ਵਿਚ ਰੁੱਝੇ ਵਿਦੇਸ਼ਾਂ 'ਚ ਵੱਸਦੇ ਪੰਜਾਬੀ ਭਾਈਚਾਰੇ ਨੂੰ ਹਮੇਸ਼ਾ ਤਾਂਘ ਰਹਿੰਦੀ ਹੈ ਕਿ ਚੰਗੇ ਸਾਹਿਤਕ ਅਤੇ ਪਰਿਵਾਰਕ ਵੰਨਗੀ ਦੇ ਗੀਤਾਂ ਨੂੰ ਸੁਣਿਆ ਜਾਵੇ। ਭਾਰਤ ਤੋਂ ਬੁਲਾਏ ਕਲਾਕਾਰ ਬਹੁਤੀ ਵਾਰ ਉਨ੍ਹਾਂ ਦੀਆਂ ਉਮੀਦਾਂ 'ਤੇ ਪੂਰੇ ਨਹੀਂ ਉਤਰਦੇ। ਇਸੇ ਲਈ ਪੰਜਾਬੀ ਸੰਗੀਤ ਪ੍ਰੇਮੀਆਂ ਦੇ ਸੁਪਨੇ ਨੂੰ ਤਰਨ ਸਿੰਘ, ਜਸਵੰਤ ਮਹਿੰਮੀ, ਮਲਕੀਅਤ ਮੀਤ ਦੇ ਸਹਿਯੋਗ ਨਾਲ ਬਣਾਏ ਗਰੁੱਪ 'ਫਰਿਜ਼ਨੋ ਡਰੀਮਜ਼' ਦੇ ਕਲਾਕਾਰਾਂ ਨੇ ਆਪਣੇ ਦੂਜੇ ਸਾਲਾਨਾ ਪ੍ਰੋਗਰਾਮ 'ਜਸ਼ਨ-ਏ-ਦੀਵਾਲੀ 2019' ਰਾਹੀ ਸਾਕਾਰ ਕੀਤਾ ਗਿਆ।

ਇਸ ਪ੍ਰੋਗਰਾਮ ਵਿਚ ਸ਼ਾਮਲ ਸਾਰੇ ਕਲਾਕਾਰ ਕੈਲੀਫੋਰਨੀਆ ਦੇ ਸਨ। ਇਲਾਕੇ ਦਾ ਇਹ ਅਜਿਹਾ ਪ੍ਰੋਗਰਾਮ ਸੀ ਜਿਸ ਨੂੰ ਫਰਿਜ਼ਨੋ ਦੇ 'ਵੈਟਰਨ ਮੈਮੋਰੀਅਲ ਆਡੀਟੋਰੀਅਮ' 'ਚ ਕਰਵਾਇਆ ਗਿਆ ਜਿਸ ਦਾ ਸਾਢੇ ਚਾਰ ਘੰਟੇ ਤੋਂ ਜ਼ਿਆਦਾ ਸਮੇਂ ਤਕ ਸਰੋਤਿਆਂ ਨੇ ਭਰਪੂਰ ਅਨੰਦ ਮਾਣਿਆ। ਪ੍ਰੋਗਰਾਮ ਦੀ ਸ਼ੁਰੂਆਤ ਧਾਲੀਆਂ ਅਤੇ ਮਲਕੀਅਤ ਮੀਤ ਨੇ ਸਭ ਨੂੰ ਜੀ ਆਇਆਂ ਕਹਿੰਦੇ ਹੋਏ ਕੀਤੀ। ਉਪਰੰਤ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਸ਼ਾਗਿਰਦ ਰਾਜ ਬਰਾੜ ਨੇ ਧਾਰਮਿਕ ਗੀਤਾਂ ਰਾਹੀਂ ਆਗ਼ਾਜ਼ ਕੀਤਾ। ਇਸ ਉਪਰੰਤ ਚੱਲੇ ਗਾਇਕੀ ਦੇ ਖੁੱਲੇ ਅਖਾੜੇ ਵਿਚ ਗਾਇਕ ਬਹਾਦਰ ਸਿੱਧੂ, ਗੌਗੀ ਸੰਧੂ, ਅਵਤਾਰ ਗਰੇਵਾਲ, ਬਾਈ ਸੁਰਜੀਤ ਮਾਛੀਵਾੜਾ, ਗਾਇਕਾ ਜੋਤ ਰਣਜੀਤ ਕੌਰ, ਜਗਦੇਵ ਸਿੰਘ ਧੰਜਲ, ਜੇ. ਰਸੀਆ ਅਤੇ ਧਰਮਵੀਰ ਥਾਂਦੀ ਨੇ ਆਪਣੇ-ਆਪਣੇ ਅੰਦਾਜ਼ 'ਚ ਗਾਇਕੀ ਕਰਦੇ ਹੋਏ ਸਰੋਤਿਆਂ ਨੂੰ ਕੀਲੀ ਰੱਖਿਆ ਜਦਕਿ ਅੱਠ ਸਾਲ ਦੇ ਛੋਟੇ ਬੱਚੇ ਅਮਨਜੋਤ ਨੇ ਗਾਇਕੀ ਰਾਹੀਂ ਸਭ ਦਾ ਮਨ ਮੋਹ ਲਿਆ। ਇਸੇ ਸਮੇਂ 'ਫਰਿਜ਼ਨੋ ਡਰੀਮਜ਼' ਵੱਲੋਂ ਚਲਾਏ ਜਾ ਰਹੇ ਗੀਤ-ਸੰਗੀਤ, ਗਿੱਧਾ-ਭੰਗੜਾ, ਐਕਟਿੰਗ ਆਦਿ ਸੈਂਟਰ ਦੇ ਬੱਚਿਆਂ ਨੇ ਦਵਿੰਦਰ ਕੌਰ ਸੰਘਾ ਦੇ ਨਿਰਦੇਸ਼ਣ ਹੇਠ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਸੰਸਥਾ ਦੇ ਮੁੱਖ ਪ੍ਰਬੰਧਕ ਤਰਨ ਸਿੰਘ ਨੇ ਆਪਣੇ ਸਾਥੀਆਂ ਸਮੇਤ ਮੰਚ ਤੋਂ ਸਮੂਹ ਹਾਜ਼ਰੀਨ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਅਤੇ ਏਅਰਲਾਈਨ ਦੀਆਂ ਟਿਕਟਾਂ ਰੈਫਲ ਡਰਾਅ ਰਾਹੀਂ ਕੱਢੀਆਂ ਗਈਆਂ।ਮੰਚ ਸੰਚਾਲਨ ਆਸ਼ਾ ਸ਼ਰਮਾ ਨੇ ਸ਼ਾਇਰਾਨਾ ਅੰਦਾਜ਼ 'ਚ ਬਾਖ਼ੂਬੀ ਕੀਤਾ। ਸਰੋਤਿਆਂ ਲਈ ਵੱਖ-ਵੱਖ ਪ੍ਰਕਾਰ ਦੇ ਵਿਅੰਜਨਾਂ ਦਾ ਪ੍ਰਬੰਧ ਕੀਤਾ ਗਿਆ ਸੀ।