ਟੋਰਾਂਟੋ (ਆਈਏਐੱਨਐੱਸ) : ਆਮ ਲੋਕਾਂ ਲਈ ਅਗਲੇ ਸਾਲ ਸਿਆਲਾਂ ਤੋਂ ਪਹਿਲਾਂ ਕੋਰੋਨਾ ਦੀ ਵੈਕਸੀਨ ਮਿਲਣ ਦੀ ਉਮੀਦ ਬਹੁਤ ਘੱਟ ਹੈ। ਵੈਕਸੀਨ ਵਿਕਸਿਤ ਕਰ ਰਹੇ ਵਿਗਿਆਨੀਆਂ ਨੂੰ ਲੈ ਕੇ ਕੀਤੇ ਗਏ ਇਕ ਸਰਵੇ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ।

ਜਰਨਲ ਆਫ ਜਨਰਲ ਇੰਟਰਨਲ ਮੈਡੀਸਿਨ 'ਚ ਪ੍ਰਕਾਸ਼ਿਤ ਅਧਿਐਨ ਰਿਪੋਰਟ ਮੁਤਾਬਕ ਬਹੁਤ ਛੇਤੀ ਹੋਇਆ ਤਾਂ ਵੀ ਅਗਲੇ ਸਾਲ ਜੂਨ ਤੋਂ ਪਹਿਲਾਂ ਆਮ ਲੋਕਾਂ ਲਈ ਵੈਕਸੀਨ ਆਉਣ ਦੀ ਸੰਭਾਵਨਾ ਨਹੀਂ ਹੈ। ਉਂਝ 2022 ਤਕ ਵੈਕਸੀਨ ਆਉਣ ਦੀ ਜ਼ਿਆਦਾ ਉਮੀਦ ਪ੍ਰਗਟਾਈ ਜਾ ਰਹੀ ਹੈ। ਅਧਿਐਨ ਕਰਨ ਵਾਲੀ ਟੀਮ ਇਸ ਸਾਲ ਜੂਨ 'ਚ ਇਹ ਸਰਵੇਖਣ ਕੀਤਾ, ਜਿਸ 'ਚ ਵੈਕਸੀਨ ਵਿਕਸਿਤ ਕਰ ਰਹੇ 28 ਵਿਗਿਆਨੀਆਂ ਨੂੰ ਸ਼ਾਮਲ ਕੀਤਾ ਗਿਆ।

ਅਧਿਐਨ ਰਿਪੋਰਟ ਦੇ ਲੇਖਕ ਕੈਨੇਡਾ ਦੇ ਮੈਕਗਿਲ ਯੂਨੀਵਰਸਿਟੀ ਦੇ ਜੋਨਾਥਨ ਕਿਮਮੇਲਮੈਨ ਨੇ ਕਿਹਾ ਕਿ ਸਰਵੇ ਦੌਰਾਨ ਮਾਹਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਅਗਲੇ ਸਾਲ ਦੀ ਸ਼ੁਰੂਆਤ 'ਚ ਵੈਕਸੀਨ ਤਿਆਰ ਹੋਣ ਦੀ ਉਮੀਦ ਬਹੁਤ ਘੱਟ ਹੈ, ਜਿਵੇਂ ਕਿ ਅਮਰੀਕੀ ਅਧਿਕਾਰੀ ਕਹਿ ਰਹੇ ਹਨ।

ਸਰਵੇ ਦੌਰਾਨ ਵਿਗਿਆਨੀਆਂ ਤੋਂ ਤਿੰਨ ਸੰਭਾਵਿਤ ਸਮੇਂ ਬਾਰੇ ਪੁੱਛਿਆ ਗਿਆ, ਜਦੋਂ ਆਮ ਲੋਕਾਂ ਲਈ ਵੈਕਸੀਨ ਆ ਸਕਦੀ ਹੈ। ਵਿਗਿਆਨੀਆਂ ਨੇ ਕਿਹਾ ਕਿ ਬਹੁਤ ਛੇਤੀ ਹੋਇਆ ਤਾਂ ਅਗਲੇ ਸਾਲ ਜੂਨ, ਸਤੰਬਰ, ਅਕਤੂਬਰ ਜਾਂ ਵੱਧ ਤੋਂ ਵੱਧ ਜੁਲਾਈ, 2022 ਤਕ ਵੈਕਸੀਨ ਆ ਸਕਦੀ ਹੈ।