ਬੀਜਿੰਗ (ਰਾਇਟਰ) : ਚੀਨ ਹਿਰਾਸਤ 'ਚ ਲਏ ਗਏ ਸਾਬਕਾ ਕੈਨੇਡਿਆਈ ਸਫ਼ੀਰ ਮਾਈਕਲ ਕੋਵਰਿਗ ਨੂੰ ਹਰ ਸੰਭਵ ਤਰੀਕੇ ਨਾਲ ਪਰੇਸ਼ਾਨ ਕਰ ਰਿਹਾ ਹੈ। ਉਨ੍ਹਾਂ ਤੋਂ ਰੋਜ਼ਾਨਾ ਪੁੱਛਗਿੱਛ ਹੋ ਰਹੀ ਹੈ। ਉਨ੍ਹਾਂ ਨੂੰ ਰਾਤ ਸਮੇਂ ਵੀ ਲਾਈਟ ਬੰਦ ਕਰਨ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਨੂੰ ਵਕੀਲ ਨਾਲ ਵੀ ਨਹੀਂ ਮਿਲਣ ਦਿੱਤਾ ਜਾ ਰਿਹਾ। ਇਸ ਮਹੀਨੇ ਦੀ ਸ਼ੁਰੂਆਤ 'ਚ ਚੀਨੀ ਟੈਲੀਕਾਮ ਦਿੱਗਜ ਹੁਆਵੇ ਦੀ ਸੀਐੱਫਓ (ਚੀਫ ਫਾਈਨਾਂਸ਼ੀਅਲ ਆਫਿਸਰ) ਮੇਂਗ ਵਾਂਗਜੁ ਨੂੰ ਕੈਨੇਡਾ 'ਚ ਗ੍ਰਿਫਤਾਰ ਕਰ ਲਿਆ ਗਿਆ ਸੀ। ਚੀਨ ਨੇ ਇਸ ਤੋਂ ਬਾਅਦ ਪਿਛਲੇ ਹਫ਼ਤੇ ਕੈਨੇਡਾ ਦੇ ਕੋਵਰਿਗ ਤੇ ਬਿਜ਼ਨਸਮੈਨ ਮਾਈਕਲ ਸਪਾਵੋਰ ਨੂੰ ਹਿਰਾਸਤ 'ਚ ਲਿਆ ਸੀ। ਦੋ ਦਿਨ ਪਹਿਲਾਂ ਇਕ ਕੈਨੇਡਿਆਈ ਮਹਿਲਾ ਨੂੰ ਵੀ ਹਿਰਾਸਤ 'ਚ ਲੈ ਲਿਆ ਗਿਆ। ਇਨ੍ਹਾਂ ਲੋਕਾਂ ਨੂੰ ਹਿਰਾਸਤ 'ਚ ਲਏ ਜਾਣ ਤੋਂ ਦੋ ਦਿਨ ਬਾਅਦ ਕੈਨੇਡਾ ਸਰਕਾਰ ਨੂੰ ਇਸ ਦੀ ਸੂਚਨਾ ਦਿੱਤੀ ਗਈ। ਚੀਨ ਦਾ ਹਾਲਾਂਕਿ ਕਹਿਣਾ ਹੈ ਕਿ ਕੇਵਰਿਗ ਤੇ ਸਪਾਵੋਰ ਨੂੰ ਦੇਸ਼ ਦੀ ਸੁਰੱਖਿਆ ਖ਼ਤਰੇ 'ਚ ਪਾਉਣ ਦੇ ਸ਼ੱਕ ਕਾਰਨ ਹਿਰਾਸਤ 'ਚ ਲਿਆ ਗਿਆ ਹੈ। ਵਿਦੇਸ਼ ਮੰਤਰਾਲੇ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਨਿਆਇਕ ਅਧਿਕਾਰ ਸੁਰੱਖਿਅਤ ਹਨ। ਪਰ ਕੋਵਰਿਗ ਆਪਣੀ ਜ਼ਮਾਨਤ ਦੀ ਅਪੀਲ ਨਹੀਂ ਕਰ ਸਕਦੇ। ਉਨ੍ਹਾਂ ਨੂੰ ਆਪਣੇ ਪਰਿਵਾਰ ਨਾਲ ਮਿਲਣ ਦੀ ਵੀ ਇਜਾਜ਼ਤ ਨਹੀਂ ਹੈ। ਚੀਨ 'ਚ ਕੈਨੇਡਾ ਦੇ ਰਾਜਦੂਤ ਵੀ ਮਹੀਨੇ 'ਚ ਇਕ ਵਾਰ ਹੀ ਉਨ੍ਹਾਂ ਨੂੰ ਮਿਲ ਸਕਦੇ ਹਨ।