ਕਮਲਜੀਤ ਬੁੱਟਰ, ਕੈਲਗਰੀ : 21 ਅਕਤੂਬਰ ਨੂੰ ਹੋਣ ਵਾਲੀ ਸੰਸਦੀ ਚੋਣ ਤੋਂ ਪਹਿਲਾਂ ਉਮੀਦਵਾਰਾਂ ਵੱਲੋਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ ਅਤੇ ਐਤਵਾਰ ਵਾਲੇ ਦਿਨ ਕੈਲਗਰੀ ਫਾਰੈਸਟ ਲਾਨ ਦੇ ਸੰਸਦੀ ਖੇਤਰ ਤੋਂ ਕੰਜ਼ਰਵੇਟਿਵ ਉਮੀਦਵਾਰ ਜਸਰਾਜ ਸਿੰਘ ਹੱਲਣ ਨੇ 'ਮੀਟ ਐਂਡ ਗ੍ਰੀਟ' ਪ੍ਰੋਗਰਾਮ ਰੱਖਿਆ ਜਿਸ 'ਚ ਇਸ ਖੇਤਰ ਤੋਂ ਵੋਟਰਾਂ ਨੇ ਸ਼ਾਮਲ ਹੋ ਕੇ ਉਸ ਦੀ ਜਿੱਤ ਯਕੀਨੀ ਬਣਾਉਣ ਦਾ ਵਾਅਦਾ ਕੀਤਾ। ਇਸ ਮੌਕੇ ਸੂਬੇ ਦੇ ਟ੍ਰਾਂਸਪੋਰਟ ਮੰਤਰੀ ਰਿਕ ਮੈਕਾਇਵਰ, ਕਮਿਊਨਿਟੀ ਐਂਡ ਸੋਸ਼ ਸਰਵਿਸਿਜ਼ ਮਨਿਸਟਰ ਰਾਜਨ ਸਾਹਨੀ, ਇਮੀਗ੍ਰੇਸ਼ਨ ਮਹਿਕਮੇ ਦੇ ਪਾਰਲੀਮਾਨੀ ਸਕੱਤਰ ਮੁਹੰਮਦ ਯਾਸੀਨ, ਐੱਮਐੱਲਏ ਦਵਿੰਦਰ ਤੂਰ, ਮਿਕੀ ਐਮਰੀ, ਸਾਬਕਾ ਐੱਮਐੱਲਏ ਮੋਅ ਐਮਰੀ, ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਰਣਬੀਰ ਸਿੰਘ ਪਰਮਾਰ ਤੇ ਹੋਰ ਪਤਵੰਤੇ ਹਾਜ਼ਰ ਸਨ।

ਗੁਰਿੰਦਰ ਸਿੰਘ ਗਿੱਲ ਕੈਲਗਰੀ ਸਕਾਈਵਿਊ ਤੋਂ ਐੱਨਡੀਪੀ ਉਮੀਦਵਾਰ ਹਨ ਤੇ ਉਨ੍ਹਾਂ ਵੱਲੋਂ ਐਂਪਾਇਰ ਬੈਂਕੁਇਟ ਹਾਲ 'ਚ ਪ੍ਰੋਗਰਾਮ ਰੱਖਿਆ ਗਿਆ ਸੀ। ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਦੇ ਸਾਬਕਾ ਸੈਕਟਰੀ ਜਤਿੰਦਰ ਸਿੰਘ ਸਹੇੜੀ ਇਸ ਮੌਕੇ ਸਟੇਜ ਸਕੱਤਰ ਸਨ। ਪਾਰਟੀ ਲੀਡਰ ਜਗਮੀਤ ਸਿੰਘ ਦੇ ਭਰਾ ਅਤੇ ਓਂਟਾਰੀਓ 'ਚ ਵਿਰੋਧੀ ਧਿਰ ਦੇ ਐੱਮਐੱਲਏ ਗੁਰ-ਰਤਨ ਸਿੰਘ ਨੇ ਵੀਡੀਓ ਰਾਹੀਂ ਸੰਬੋਧਨ ਕੀਤਾ। ਗੁਰਦੁਆਰਾ ਕਮੇਟੀ ਦੇ ਸਾਬਕਾ ਅਹੁਦੇਦਾਰਾਂ ਪਰਮਜੀਤ ਸਿੰਘ ਮਾਨ ਨੇ ਵੀ ਗੁਰਿੰਦਰ ਸਿੰਘ ਗਿੱਲ ਦੇ ਹੱਕ 'ਚ ਵੋਟ ਪਾਉਣ ਦੀ ਅਪੀਲ ਕੀਤੀ।