ਕਮਲਜੀਤ ਬੁੱਟਰ, ਕੈਲਗਰੀ : ਅਲਬਰਟਾ ਨਿਊ ਡੈਮੋਕੇ੍ਟਿਕ ਪਾਰਟੀ ਨੇ ਸੋਮਵਾਰ ਪੈ੍ੱਸ ਨੋਟ ਜਾਰੀ ਕਰਦਿਆਂ ਜੇਸਨ ਕੇਨੀ ਤੋਂ ਕੈਲਗਰੀ ਫਾਲਕਨਰਿਜ਼ ਹਲਕੇ ਤੋਂ ਯੂਨਾਈਟਿਡ ਕਨਜ਼ਰਵੇਟਿਵ ਪਾਰਟੀ (ਯੂਸੀਪੀ) ਵਿਧਾਇਕ ਦੇ ਉਮੀਦਵਾਰ ਦਵਿੰਦਰ ਤੂਰ 'ਤੇ ਲੱਗੇ ਦੋਸ਼ਾਂ ਦੀ ਜਾਂਚ ਕਰਵਾਉਣ ਉਪਰੰਤ ਉਮੀਦਵਾਰੀ ਰੱਦ ਕਰਨ ਤੇ ਨਵਾਂ ਉਮੀਦਵਾਰ ਲਗਾਉਣ ਦੀ ਗੱਲ ਕਹੀ ਹੈ। ਐੱਨਡੀਪੀ ਨੇ ਕਿਹਾ ਕਿ ਤੂਰ ਆਪਣੇ ਸ਼ਰਾਬ ਕਾਰੋਬਾਰ 'ਚ ਭਾਰਤ ਤੋਂ ਮੁਲਾਜ਼ਮ ਮੰਗਵਾਉਂਦਾ ਹੈ ਤੇ 30 ਹਜ਼ਾਰ ਡਾਲਰ ਤਕ ਦੀ ਰਕਮ ਉਨ੍ਹਾਂ ਨੂੰ ਪੱਕੇ ਕਰਨ ਲਈ ਲੈਂਦਾ ਹੈ ਜਿਸ ਸੰਬੰਧੀ ਦੋਸ਼ ਉਸ ਦੇ ਸਟੋਰ 'ਤੇ ਕੰਮ ਕਰ ਚੁੱਕੇ ਇਕ ਸਾਬਕਾ ਮੁਲਾਜ਼ਮ ਨੇ ਲਗਾਏ ਹਨ, ਦੋਸ਼ਾਂ 'ਚ ਇਹ ਵੀ ਦੱਸਿਆ ਗਿਆ ਕਿ ਤੂਰ ਅਸਿਸਟੈਂਟ ਮੈਨੇਜਰ ਵਜੋਂ ਮੁਲਾਜ਼ਮਾਂ ਦੀਆਂ ਫਾਈਲਾਂ ਲਗਾਉਂਦਾ ਜਦਕਿ ਅਜਿਹਾ ਅਹੁਦਾ ਉਸ ਦੇ ਸਟੋਰ 'ਤੇ ਹੈ ਹੀ ਨਹੀਂ।ਇਸ ਸਾਰੇ ਮਾਮਲੇ ਬਾਰੇ ਜਦੋਂ ਦਵਿੰਦਰ ਤੂਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਫਿਲਹਾਲ ਇਸ ਸਬੰਧੀ ਕੁੁੱਝ ਨਹੀਂ ਕਹਿਣਾ ਜੋ ਵੀ ਜਵਾਬ ਕਰਨਾ ਹੋਵੇਗਾ ਪਾਰਟੀ ਪ੍ਧਾਨ ਜਾਂ ਪਾਰਟੀ ਲੀਡਰਸ਼ਿਪ ਕਰੇਗੀ।

ਕਾਰੋਬਾਰੀ ਕਰਦੇ ਮੁਲਾਜ਼ਮਾਂ ਦਾ ਸ਼ੋਸ਼ਣ : ਅਮਨਦੀਪ

ਦਵਿੰਦਰ ਤੂਰ 'ਤੇ ਦੋਸ਼ ਲਗਾਉਣ ਵਾਲੇ ਅਮਨਦੀਪ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਮੈਂ ਪੰਜਾਬ ਤੋਂ 2008 'ਚ ਕੈਨੇਡਾ ਵਰਕ ਪਰਮਿਟ 'ਤੇ ਕੈਲਗਰੀ ਸਥਿਤ ਇਕ ਏਜੰਟ ਰਾਹੀਂ ਇਥੇ ਆਇਆ ਸੀ ਤੇ ਮੇਰੇ ਤੋਂ 12 ਲੱਖ ਰੁਪਏ ਉਸ ਸਮੇਂ ਏਜੰਟ ਨੇ ਜਾਬ ਲੈਟਰ (ਐਲਐੱਮਆਈਏ) ਦੇਣ ਦਾ ਲਿਆ ਸੀ ਜੋ ਇਨ੍ਹਾਂ ਕਾਰੋਬਾਰੀਆਂ ਦੇ ਨਾਲ ਹੀ ਮਿਲੇ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਕੈਨੇਡਾ ਆਉਣ ਤੋਂ ਪਹਿਲੇ ਮੇਰੇ ਨਾਲ 16 ਡਾਲਰ ਘੰਟੇ ਦੇ ਹਿਸਾਬ ਨਾਲ ਕੰਮ ਦੇਣ ਦੀ ਗੱਲ ਹੋਈ ਸੀ ਜਿਸ 'ਤੇ ਬਾਅਦ 'ਚ ਸੌਦੇਬਾਜ਼ੀ ਹੋਣੀ ਸ਼ੁਰੂ ਹੋਈ। ਅਮਨਦੀਪ ਨੇ ਦੱਸਿਆ ਕਿ ਦਵਿੰਦਰ ਤੂਰ ਦੇ ਫਾਲਕਨਰਿਜ਼ ਸਥਿਤ ਲੀਕਰ ਸਟੋਰ 'ਤੇ ਜਦੋਂ ਮੈਂ ਕੰਮ ਸਿੱਖਣਾ ਸ਼ੁਰੂ ਕੀਤਾ ਜੋ ਕਰੀਬ 10 ਕੁ ਦਿਨਾਂ ਦਾ ਸਮਾਂ ਸੀ ਤੇ ਉਸ ਤੋਂ ਬਾਅਦ ਜਦ ਮੈਂ ਪੀਆਰ ਫਾਈਲ ਲਗਾਉਣ ਬਾਰੇ ਗੱਲ ਕੀਤੀ ਤਾਂ ਤੂਰ ਨੇ ਕਿਹਾ ਕਿ 16 ਦੀ ਥਾਂ 9 ਡਾਲਰ ਘੰਟੇ ਦੇ ਹਿਸਾਬ ਨਾਲ ਹੀ ਤਨਖ਼ਾਹ ਦਿੱਤੀ ਜਾਵੇਗੀ ਤੇ ਪਾਸਪੋਰਟ ਮੇਰੇ ਕੋਲ ਜਮ੍ਹਾਂ ਕਰਵਾਉਣਾ ਪਵੇਗਾ ਜਿਸ 'ਤੇ ਮੈਂ ਤੂਰ ਕੋਲ ਕੰਮ ਕਰਨਾ ਠੀਕ ਨਾ ਸਮਿਝਆ ਤੇ ਕਿਸੇ ਹੋਰ ਥਾਂ ਤੋਂ ਮੈਂ ਆਪਣੀ ਫਾਈਲ ਲਗਾ ਲਈ ਪਰ ਮੈਂ ਚਾਹੁੰਦਾ ਸੀ ਕਿ ਜੋ ਮੇਰੇ ਨਾਲ ਹੋਇਆ ਉਹ ਕਿਸੇ ਹੋਰ ਨਾਲ ਨਾ ਹੋਵ। ਉਸ ਲਈ ਮੈਂ ਸਰਵਿਸ ਕੈਨੇਡਾ ਨੂੰ ਵੀ ਇਸ ਮਾਮਲੇ ਸੰਬੰਧੀ ਸ਼ਿਕਾਇਤ ਕੀਤੀ ਸੀ ਤੇ ਮੌਜੂਦਾ ਸਰਕਾਰ ਨੂੰ ਵੀ ਇਸ ਸਬੰਧੀ ਸ਼ਿਕਾਇਤ ਭੇਜੀ ਹੈ।