ਟੋਰਾਂਟੋ, ਜੇਐੱਨਐੱਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫੀ ਟਰੂਡੋ ਕੋਰੋਨਾ ਵਾਇਰਸ ਤੋਂ ਉੱਭਰ ਚੁੱਕੀ ਹੈ। ਸੋਫੀ ਨੇ ਸ਼ਨਿਚਰਵਾਰ ਨੂੰ ਸੋਸ਼ਲ ਮੀਡੀਆ 'ਤੇ ਆਪਣੇ ਇਕ ਬਿਆਨ 'ਚ ਕਿਹਾ ਕਿ ਉਹ ਪਹਿਲਾਂ ਤੋਂ ਬਿਹਤਰ ਮਹਿਸੂਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਡਾਕਟਰ ਨੇ ਉਨ੍ਹਾਂ ਨੂੰ ਹੁਣ ਕਲੀਨ ਚਿੱਟ ਦੇ ਦਿੱਤੀ ਹੈ। ਸੋਫੀ ਨੇ ਕਿਹਾ ਕਿ ਉਹ ਉਨ੍ਹਾਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹੈ, ਜਿਨ੍ਹਾਂ ਨੇ ਮੁਸ਼ਕਲ ਸਮੇਂ 'ਚ ਆਪਣੀਆਂ ਸ਼ੁੱਭਕਾਮਨਾਵਾਂ ਭੇਜੀਆਂ। ਉਨ੍ਹਾਂ ਕੋਰੋਨਾ ਪੀੜਤਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਸੰਟੁਸ਼ਟੀ ਜ਼ਾਹਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਤਿੰਨ ਬੱਚੇ ਸੁਰੱਖਿਅਤ ਹਨ। ਬੱਚਿਆਂ ਦੀ ਕੋਰੋਨਾ ਜਾਂਚ ਨੈਗੇਟਿਵ ਹੈ।

ਦੱਸ ਦੇਈਏ ਕਿ ਸੋਫੀ ਕੋਵਿਡ-19 ਨਾਲ ਪੀੜਤ ਸੀ। ਟਰੂਡੋ ਦੇ ਦਫ਼ਤਰ ਨੇ 13 ਮਾਰਚ ਨੂੰ ਐਲਾਨ ਕੀਤਾ ਸੀ ਕਿ ਲੰਡਨ ਦੀ ਯਾਤਰਾ ਤੋਂ ਮੁੜਨ ਮਗਰੋਂ ਸੋਫੀ ਘਰ 'ਚ ਹੀ ਆਈਸੋਲੇਸ਼ਨ 'ਚ ਸੀ। ਜਸਟਿਨ ਟਰੂਡੇ ਨੇ ਆਪਣੇ ਨਿਵਾਸ ਬਾਹਰ ਇਕ ਸੰਮੇਲਨ 'ਚ ਕਿਹਾ ਕਿ ਉਨ੍ਹਾਂ ਦੀ ਪਤਨੀ ਸੋਫੀ ਪੂਰੀ ਤਰ੍ਹਾਂ ਤੰਦਰੁਸਤ ਹੈ। ਪ੍ਰਧਾਨ ਮੰਤਰੀ ਨੇ ਸ਼ਨਿਚਰਵਾਰ ਨੂੰ ਸੁਝਾਅ ਦਿੱਤਾ ਕਿ ਉਹ ਘਰ ਤੋਂ ਕੰਮ ਕਰਨਾ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਉਹ ਕੈਨੇਡਾ ਦੇ ਨਾਗਰਿਕਾਂ ਲਈ ਉਦਾਹਰਨ ਹੈ, ਜਿਨ੍ਹਾਂ ਨੂੰ ਘਰ 'ਚ ਰਹਿਣ ਲਈ ਕਿਹਾ ਜਾ ਰਿਹਾ ਹੈ।

Posted By: Seema Anand