ਏਐੱਨਆਈ, ਓਟਾਵਾ : ਕੈਨੇਡਾ 7 ਸਤੰਬਰ ਤੋਂ ਪੂਰੀ ਤਰ੍ਹਾਂ ਨਾਲ ਵੈਕਸੀਨੇਟ ਲੋਕਾਂ ਲਈ ਬਾਰਡਰ ਖੋਲ੍ਹ ਦੇਵੇਗਾ। ਕੈਨੇਡਾ ਦੀ ਸਰਕਾਰ ਵੱਲੋਂ ਸਾਹਮਣੇ ਆਏ ਇਕ ਬਿਆਨ ’ਚ ਕਿਹਾ ਗਿਆ ਹੈ ਕਿ 7 ਸਤੰਬਰ 2021 ਤੋਂ ਦੇਸ਼ ਦੀਆਂ ਸੀਮਾਵਾਂ ਨੂੰ ਅੰਤਰਰਾਸ਼ਟਰੀ ਟੂਰਿਜ਼ਮ ਲਈ ਖੋਲ੍ਹ ਦਿੱਤਾ ਜਾਵੇਗਾ। ਹਾਲਾਂਕਿ ਕੈਨੇਡਾ ਨੇ 21 ਅਗਸਤ ਤਕ ਲਈ ਭਾਰਤ ਤੋਂ ਆਉਣ ਵਾਲੇ ਜਹਾਜ਼ਾਂ ’ਤੇ ਰੋਕ ਲਗਾ ਦਿੱਤੀ ਹੈ। ਕੈਨੇਡਾ ਨੇ ਕਿਹਾ ਕਿ ਉਹ ਆਪਣੀਆਂ ਸੀਮਾਵਾਂ ਨੂੰ ਉਨ੍ਹਾਂ ਲੋਕਾਂ ਲਈ ਖੋਲ੍ਹ ਦੇਵੇਗਾ ਜਿਨ੍ਹਾਂ ਨੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲਈਆਂ ਹੋਣਗੀਆਂ। ਬਿਆਨ ਅਨੁਸਾਰ ਕੋਰੋਨਾ ਵੈਕਸੀਨ ਦੀ ਦੂਸਰੀ ਖ਼ੁਰਾਕ ਕੈਨੇਡਾ ਆਗਮਨ ਤੋਂ ਪਹਿਲਾਂ ਕਰੀਬ 14 ਦਿਨ ਪਹਿਲਾਂ ਲੈਣੀ ਜ਼ਰੂਰੀ ਹੋਵੇਗੀ।

ਇਸਤੋਂ ਇਲਾਵਾ ਕੈਨੇਡਾ ’ਚ ਆਉਣ ਵਾਲਿਆਂ ਨੂੰ ਏਰਾਈਕੇਨ (ਐਪ ਅਤੇ ਵੈਬ ਪੋਰਟਲ) ’ਤੇ ਆਪਣੀ ਟੂਰਿਜ਼ਮ ਨਾਲ ਜੁੜੀ ਜਾਣਕਾਰੀ ਸਾਂਝੀ ਕਰਨੀ ਹੋਵੇਗੀ। ਜੇਕਰ ਉਹ ਬਣਾਏ ਤੈਅ ਨਿਯਮਾਂ ਨੂੰ ਪੂਰਾ ਕਰਦਾ ਹੋਵੇਗਾ ਅਤੇ ਉਸਨੂੰ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਮਿਲ ਚੁੱਕੀਆਂ ਹੋਣਗੀਆਂ ਤਾਂ ਅਜਿਹੇ ਵਿਅਕਤੀ ਨੂੰ ਕੈਨੇਡਾ ਆਗਮਨ ’ਤੇ ਕੁਆਰੰਟਾਈਨ ਦੀ ਜ਼ਰੂਰਤ ਨਹੀਂ ਹੋਵੇਗੀ। ਪਹਿਲੇ ਪੜਾਅ ਦੌਰਾਨ ਕੈਨੇਡਾ ਸਰਕਾਰ ਨੇ 9 ਅਗਸਤ 2021 ਤੋਂ ਅਮਰੀਕੀ ਨਾਗਰਿਕਾਂ ਅਤੇ ਸਥਾਨਕ ਵਾਸੀਆਂ ਨੂੰ ਆਪਣੇ ਇਥੇ ਐਂਟਰੀ ਦੇਣ ਦਾ ਐਲਾਨ ਕੀਤਾ ਹੈ, ਜੋ ਫਿਲਹਾਲ ਅਮਰੀਕਾ ’ਚ ਰਹਿ ਰਹੇ ਹਨ ਅਤੇ ਜੋ ਪੂਰੀ ਤਰ੍ਹਾਂ ਨਾਲ ਵੈਕਸੀਨੇਟ ਕੀਤੇ ਜਾ ਚੁੱਕੇ ਹਨ।

ਸਰਕਾਰ ਵੱਲੋਂ ਇਹ ਫ਼ੈਸਲਾ ਦੇਸ਼ ’ਚ ਕੋਰੋਨਾ ਦੀ ਰੋਕਥਾਮ ਕਰਨ ਅਤੇ ਮਹਾਮਾਰੀ ਦੀ ਰੋਕਥਾਮ ਦੇ ਮਕਸਦ ਨਾਲ ਲਿਆ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਉਹ ਕੋਰੋਨਾ ਦੇ ਸਾਹਮਣੇ ਆ ਰਹੇ ਨਵੇਂ ਵੇਰੀਐਂਟ ਨੂੰ ਲੈ ਕੇ ਗੰਭੀਰ ਹੈ। ਇਸ ਤਰ੍ਹਾਂ ਦੀ ਰਣਨੀਤੀ ਨਾਲ ਅਤੇ ਚਰਣਬੰਧ ਤਰੀਕੇ ਨਾਲ ਮਹਾਮਾਰੀ ਪ੍ਰਤੀ ਸੁਰੱਖਿਆ ਦਾ ਦਾਇਰਾ ਵਧਾਇਆ ਜਾ ਸਕਦਾ ਹੈ।

Posted By: Ramanjit Kaur