ਟੋਰਾਂਟੋ, ਦੁਨੀਆ ਭਰ 'ਚ ਹੁਣ ਕੋਰੋਨਾ ਦੇ ਮਾਮਲੇ ਘੱਟ ਰਹੇ ਹਨ। ਅਜਿਹੇ 'ਚ ਕੋਵਿਡ-19 ਦੇ ਘੱਟਦੇ ਪ੍ਰਕੋਪ ਨੂੰ ਦੇਖਦੇ ਹੋਏ ਦੁਨੀਆ ਭਰ ਦੇ ਦੇਸ਼ ਵੀ ਹੁਣ ਪਾਬੰਦੀਆਂ ਹਟਾ ਰਹੇ ਹਨ। ਇਸ ਦੌਰਾਨ ਕੈਨੇਡਾ ਜਾਣ ਵਾਲੇ ਨਾਗਰਿਕਾਂ ਨੂੰ ਵੱਡੀ ਰਾਹਤ ਮਿਲਣ ਵਾਲੀ ਹੈ। ਇਕ ਸਰਕਾਰੀ ਸੂਤਰ ਨੇ ਕਿਹਾ ਕਿ ਕੈਨੇਡਾ ਵਿੱਚ ਦਾਖਲ ਹੋਣ ਲਈ ਟੀਕਾਕਰਨ ਦੀ ਲੋੜ ਨੂੰ ਖਤਮ ਕੀਤੇ ਜਾਣ ਦੀ ਸੰਭਾਵਨਾ ਹੈ।

ਕੋਵਿਡ-19 ਵੈਕਸੀਨ ਦੀ ਲੋੜ ਹੋ ਜਾਵੇਗੀ ਖਤਮ

ਸਰਕਾਰੀ ਸੂਤਰਾਂ ਅਨੁਸਾਰ ਕੈਨੇਡੀਅਨ ਸਰਕਾਰ ਸਤੰਬਰ ਦੇ ਅਖੀਰ ਤਕ ਦੇਸ਼ ਵਿੱਚ ਦਾਖਲ ਹੋਣ ਵਾਲੇ ਲੋਕਾਂ ਲਈ ਕੋਵਿਡ-19 ਵੈਕਸੀਨ ਦੀ ਲੋੜ ਨੂੰ ਖਤਮ ਕਰ ਸਕਦੀ ਹੈ। ਸੂਤਰਾਂ ਨੇ ਮੰਗਲਵਾਰ ਨੂੰ ਐਸੋਸੀਏਟਡ ਪ੍ਰੈਸ ਨੂੰ ਇਹ ਜਾਣਕਾਰੀ ਦਿੱਤੀ।

30 ਸਤੰਬਰ ਨੂੰ ਲਿਆ ਜਾ ਸਕਦਾ ਹੈ ਫੈਸਲਾ

ਸੂਤਰਾਂ ਮੁਤਾਬਕ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 30 ਸਤੰਬਰ ਤਕ ਇਸ ਫੈਸਲੇ ਦਾ ਐਲਾਨ ਕਰ ਸਕਦੇ ਹਨ। ਅਧਿਕਾਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਨੂੰ ਅੰਤਿਮ ਰੂਪ ਦੇਣਾ ਹੈ। ਇਸ ਤੋਂ ਇਲਾਵਾ ਇਹ ਵੀ ਪਤਾ ਲੱਗਾ ਹੈ ਕਿ ਹੁਣ ਅਰਾਈਵਕੈਨ ਐਪ ਵਿੱਚ ਟੀਕਾਕਰਨ ਬਾਰੇ ਜਾਣਕਾਰੀ ਭਰਨ ਦੀ ਲੋੜ ਨਹੀਂ ਰਹੇਗੀ। ਹਾਲਾਂਕਿ ਕੈਨੇਡੀਅਨ ਸਰਕਾਰ ਹਵਾਈ ਅੱਡਿਆਂ 'ਤੇ ਕੋਵਿਡ-19 ਟੈਸਟਿੰਗ ਨੂੰ ਖਤਮ ਨਹੀਂ ਕਰੇਗੀ।

ਟੀਕਾਕਰਨ ਸਰਟੀਫਿਕੇਟ ਦਿਖਾਉਣਾ ਲਾਜ਼ਮੀ

ਦੱਸ ਦੇਈਏ ਕਿ ਅਮਰੀਕਾ ਵਾਂਗ ਕੈਨੇਡਾ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਟੀਕਾਕਰਨ ਸਰਟੀਫਿਕੇਟ ਦਿਖਾਉਣਾ ਜ਼ਰੂਰੀ ਹੁੰਦਾ ਹੈ। ਹਾਲਾਂਕਿ ਅਜੇ ਤਕ ਅਮਰੀਕਾ ਨੇ ਟੀਕਾਕਰਨ ਨੂੰ ਖ਼ਤਮ ਕਰਨ ਨੂੰ ਲੈ ਕੇ ਕੋਈ ਐਲਾਨ ਨਹੀਂ ਕੀਤਾ ਹੈ ਕਿ ਕੀ ਉਹ 30 ਸਤੰਬਰ ਤਕ ਵੀ ਅਜਿਹਾ ਕਦਮ ਚੁੱਕਣਗੇ ਜਾਂ ਨਹੀਂ। ਜ਼ਿਕਰਯੋਗ ਹੈ ਕਿ ਕੈਨੇਡਾ 'ਚ ਹੁਣ ਤਕ 42 ਲੱਖ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਜਦੋਂ ਕਿ ਕੋਰੋਨਾ ਵਾਇਰਸ ਕਾਰਨ 45 ਹਜ਼ਾਰ ਤੋਂ ਵੱਧ ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ।

Posted By: Sarabjeet Kaur