ਏਐੱਫਪੀ,ਓਟਾਵਾ : ਕੈਨੇਡਾ ਦੀ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਮਾਰਚ ਤੋਂ ਬਿ੍ਟੇਨ ਦੇ ਸ਼ਾਹੀ ਜੋੜੇ ਹੈਰੀ ਤੇ ਮੇਘਨ ਦੀ ਸੁਰੱਖਿਆ ਦਾ ਖ਼ਰਚਾ ਉਹ ਨਹੀਂ ਚੁੱਕੇਗੀ। ਇਹ ਸ਼ਾਹੀ ਜੋੜਾ ਪਿਛਲੇ ਸਾਲ ਨਵੰਬਰ ਤੋਂ ਕੈਨੇਡਾ ਦੇ ਵੈਨਕੂਵਰ ਟਾਪੂ ਦੇ ਵਿਕਟੋਰੀਆ ਵਿਚ ਇਕ ਆਲੀਸ਼ਾਨ ਘਰ 'ਚ ਰਹਿ ਰਿਹਾ ਹੈ। ਹੈਰੀ ਤੇ ਮੇਘਨ ਅਧਿਕਾਰਤ ਤੌਰ 'ਤੇ ਸ਼ਾਹੀ ਪਰਿਵਾਰ ਤੋਂ ਅਲੱਗ ਹੋ ਚੁੱਕੇ ਹਨ। ਦੋਵਾਂ ਨੇ ਅੱਠ ਜਨਵਰੀ ਨੂੰ ਇਹ ਐਲਾਨ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਕਿ ਉਹ ਸ਼ਾਹੀ ਜ਼ਿੰਮੇਵਾਰੀਆਂ ਛੱਡ ਕੇ ਆਰਥਿਕ ਤੌਰ 'ਤੇ ਸੁਤੰਤਰ ਹੋਣਾ ਚਾਹੁੰਦੇ ਹਨ।

ਕੈਨੇਡਾ ਦੇ ਜਨ ਸੁਰੱਖਿਆ ਮੰਤਰੀ ਬਿਲ ਬਲੇਅਰ ਨੇ ਕਿਹਾ ਕਿ ਮਾਰਚ ਦੀ ਸ਼ੁਰੂਆਤ ਤੋਂ ਹੈਰੀ ਅਤੇ ਮੇਘਨ ਨੂੰ ਸਰਕਾਰੀ ਖ਼ਰਚ 'ਤੇ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਜਾਵੇਗੀ। ਹੁਣ ਤਕ ਰਾਇਲ ਕੈਨੇਡਾ ਮਾਊਂਟਿਡ ਪੁਲਿਸ ਸ਼ਾਹੀ ਜੋੜੇ ਨੂੰ ਸੁਰੱਖਿਆ ਮੁਹੱਈਆ ਕਰਵਾ ਰਹੀ ਹੈ ਪ੍ਰੰਤੂ ਆਉਣ ਵਾਲੇ ਹਫ਼ਤੇ ਵਿਚ ਇਹ ਸਹੂਲਤ ਖ਼ਤਮ ਕਰ ਦਿੱਤੀ ਜਾਵੇਗੀ। ਹਾਲੀਆ ਸਰਵੇ ਵਿਚ ਕੈਨੇਡਾ ਦੇ ਨਾਗਰਿਕਾਂ ਨੇ ਵੀ ਸ਼ਾਹੀ ਜੋੜੇ ਨੂੰ ਸਰਕਾਰੀ ਖ਼ਰਚ 'ਤੇ ਸੁਰੱਖਿਆ ਮੁਹੱਈਆ ਕਰਵਾਏ ਜਾਣ 'ਤੇ ਸਵਾਲ ਚੁੱਕੇ ਸਨ। ਸਰਵੇ 'ਚ 77 ਫ਼ੀਸਦੀ ਲੋਕਾਂ ਨੇ ਮੰਨਿਆ ਸੀ ਕਿ ਕਰਦਾਤਾਵਾਂ ਨੂੰ ਡਿਊਕ ਅਤੇ ਡੱਚਿਜ਼ ਆਫ ਸਸੈਕਸ ਦੀ ਉਪਾਧੀ ਰੱਖਣ ਵਾਲੇ ਹੈਰੀ ਅਤੇ ਮੇਘਨ ਦੀ ਸੁਰੱਖਿਆ ਲਈ ਭੁਗਤਾਨ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਕੈਨੇਡਾ ਵਿਚ ਬਿ੍ਟਿਸ਼ ਮਹਾਰਾਣੀ ਦੇ ਪ੍ਰਤੀਨਿਧੀ ਵਜੋਂ ਨਹੀਂ ਰਹਿ ਰਹੇ। ਕੈਨੇਡਾ ਵਿਚ ਸੰਸਦੀ ਰਾਜਸ਼ਾਹੀ ਵਿਵਸਥਾ ਹੈ ਅਤੇ ਬਿ੍ਟੇਨ ਦੀ ਮਹਾਰਾਣੀ ਐਲਿਜ਼ਾਬੈੱਥ ਦੂਜੀ ਸ਼ਾਸਨ ਦੀ ਮੁਖੀ ਹੈ। ਹੈਰੀ ਅਤੇ ਮੇਘਨ 31 ਮਾਰਚ ਨੂੰ ਅਧਿਕਾਰਤ ਤੌਰ 'ਤੇ ਸ਼ਾਹੀ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਜਾਣਗੇ।