ਓਟਾਵਾ, ਏਐੱਫਪੀ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਗਈ ਹੈ। ਉਨ੍ਹਾਂ ਦਾ ਕੋਰੋਨਾ ਵਾਇਰਸ ਟੈਸਟ ਪੌਜ਼ਿਟਿਵ ਆਇਆ ਹੈ। ਟਰੂਡੋ ਦੇ ਦਫ਼ਤਰ ਨੇ ਵੀਰਵਾਰ ਦੇਰ ਰਾਤ ਇਸ ਸਬੰਧੀ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਦਫ਼ਤਰ ਨੇ ਇਕ ਬਿਆਨ 'ਚ ਕਿਹਾ ਕਿ ਸੋਫੀ ਗ੍ਰੇਗੋਇਰੋ-ਟਰੂਡੋ ਦਾ ਅੱਜ (ਵੀਰਵਾਰ) COVID-19 ਲਈ ਪ੍ਰੀਖਣ ਕੀਤਾ ਗਿਆ ਜਿਸ ਦਾ ਨਤੀਜਾ ਪੌਜ਼ਿਟਿਵ ਆਇਆ ਹੈ।

ਡਾਕਟਰਾਂ ਦੀ ਸਲਾਹ ਅਨੁਸਾਰ ਉਨ੍ਹਾਂ ਨੂੰ ਕੁਝ ਸਮੇਂ ਲਈ ਅਲੱਗ ਰੱਖਿਆ ਜਾਵੇਗਾ। ਹਾਲਾਂਕਿ, ਹੁਣ ਉਹ ਪਹਿਲਾਂ ਨਾਲੋਂ ਬਿਹਤਰ ਮਹਿਸੂਸ ਕਰ ਰਹੇ ਹੀ। ਨਾਲ ਹੀ ਅਸੀਂ ਸਾਵਧਾਨੀ ਵਰਤ ਰਹੇ ਹਾਂ। ਉਨ੍ਹਾਂ ਦੇ ਕੋਰੋਨਾ ਵਾਇਰਸ ਦੇ ਲੱਛਣ ਹਾਲੇ ਘੱਟ ਹਨ। ਬਿਆਨ 'ਚ ਅੱਗੇ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਸਿਹਤਮੰਦ ਹਨ। ਫਿਲਹਾਲ ਉਨ੍ਹਾਂ ਵਿਚ ਕੋਰੋਨਾ ਵਾਇਰਸ ਦੇ ਕੋਈ ਲੱਛਣ ਮੌਜੂਦ ਨਹੀਂ ਹਨ। ਇਹਤਿਆਤਨ ਉਪਾਅ ਵਜੋਂ ਤੇ ਡਾਕਟਰਾਂ ਦੀ ਸਲਾਹ ਤੋਂ ਬਾਅਦ, ਉਹ 14 ਦਿਨਾਂ ਲਈ ਵੱਖਰੇ ਰਹਿਣਗੇ ਪਰ ਉਨ੍ਹਾਂ ਦਾ ਪ੍ਰੀਖਣ ਨਹੀਂ ਕੀਤਾ ਜਾਵੇਗਾ। ਨਾਲ ਹੀ ਕਿਹਾ ਕਿ ਪ੍ਰਧਾਨ ਮੰਤਰੀ ਆਪਣੇ ਕਰਤੱਵਾਂ ਨੂੰ ਪੂਰੀ ਤਰ੍ਹਾਂ ਜਾਰੀ ਰੱਖਣਗੇ ਤੇ ਭਲਕੇ ਕੈਨੇਡਾ ਦੇ ਲੋਕਾਂ ਨੂੰ ਸੰਬੋਧਨ ਕਰਨਗੇ।

ਦੱਸ ਦੇਈਏ ਕਿ ਟਰੂਡੋ ਤੇ ਉਨ੍ਹਾਂ ਦੀ ਪਤਨੀ ਨੇ ਇਸ ਸਬੰਧੀ ਵੀਰਵਾਰ ਨੂੰ ਐਲਾਨ ਕਰ ਦਿੱਤਾ ਸੀ। ਜਦੋਂ ਤੋਂ ਸੋਫੀ ਨੇ COVID-19 ਕੋਰੋਨਾ ਵਾਇਰਸ ਲਈ ਟੈਸਟ ਕਰਵਾਇਆ ਸੀ, ਉਦੋਂ ਤੋਂ ਉਹ ਖ਼ੁਦ ਹੀ ਅਲੱਗ ਰਹਿ ਰਹੀ ਹੈ।

Posted By: Seema Anand