ਕਮਲਜੀਤ ਬੁੱਟਰ, ਕੈਲਗਰੀ : ਸੋਮਵਾਰ ਨੂੰ ਸਵੇਰੇ ਸਾਢੇ ਅੱਠ ਵਜੇ ਦੇ ਕਰੀਬ ਹਾਈਵੇਅ 28 ਅਤੇ ਰੇਂਜ ਰੋਡ 18 'ਤੇ ਹੋਏ ਸੜਕ ਹਾਦਸੇ ਵਿਚ ਸਕੂਲ ਬੱਸ 'ਚ ਜਾ ਰਹੇ 15 ਬੱਚਿਆਂ ਵਿਚੋਂ ਪੰਜ ਗੰਭੀਰ ਜ਼ਖ਼ਮੀ ਹੋ ਗਏ।ਇਕ ਜ਼ਖ਼ਮੀ ਲੜਕੀ ਨੂੰ ਏਅਰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ ਅਤੇ ਦੋ ਹੋਰਨਾਂ ਨੂੰ ਬੱਚਿਆਂ ਦੇ ਹਸਪਤਾਲ ਵਿਚ ਹਵਾਈ ਐਂਬੂਲੈਂਸ ਰਾਹੀਂ ਭੇਜਿਆ ਗਿਆ। ਗਰਾਊਂਡ ਐਂਬੂਲੈਂਸ ਰਾਹੀਂ ਲਿਜਾਏ ਗਏ ਦੋ ਹੋਰ ਬੱਚੇ ਵੀ ਗੰਭੀਰ ਦੱਸੇ ਗਏ ਹਨ।ਬਾਕੀ ਬੱਚਿਆਂ ਤੇ ਡਰਾਈਵਰ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਗਈ ਹੈ। ਬੱਸ ਦੀ ਟੱਕਰ ਇਕ ਕ੍ਰੇਨ ਨਾਲ ਹੋ ਗਈ ਸੀ।ਹਾਦਸੇ ਦੀ ਜਾਂਚ ਚੱਲ ਰਹੀ ਹੈ।ਕ੍ਰੇਨ ਦੇ ਡਰਾਈਵਰ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਦੱਸੀਆਂ ਜਾਂਦੀਆਂ ਹਨ।ਬਾਕੀ ਬੱਚਿਆਂ ਨੂੰ ਮੁੱਢਲੀ ਜਾਂਚ ਮਗਰੋਂ ਆਪੋ-ਆਪਣੇ ਘਰਾਂ ਨੂੰ ਭੇਜ ਦਿੱਤਾ ਗਿਆ।