ਕਮਲਜੀਤ ਬੁੱਟਰ, ਕੈਲਗਰੀ : ਕੈਨੇਡਾ ਡੇ ਧੂਮਧਾਮ ਨਾਲ ਮਨਾਇਆ ਗਿਆ ਤੇ ਇਸ ਦਿਨ ਨੂੰ ਯਾਦਗਾਰ ਬਣਾਉਣ ਲਈ ਦੇਸ਼ ਭਰ ਵਿਚ ਰੰਗਾਰੰਗ ਪ੍ਰੋਗਰਾਮ ਕਰਵਾਏ ਗਏ। ਕੈਨੇਡਾ ਭਰ ਵਿਚ 39 ਥਾਵਾਂ 'ਤੇ ਕੈਨੇਡਾ ਦੇ ਨਾਗਰਿਕਾਂ ਬਣੇ ਸੈਂਕੜੇ ਵਿਅਕਤੀਆਂ ਨੂੰ ਨਾਗਰਿਕਤਾ ਦਾ ਹਲਫ਼ ਦਿਵਾਇਆ ਗਿਆ।

ਕੈਲਗਰੀ ਵਿਚ ਕੈਨੇਡਾ ਦੇ 52 ਨਵੇਂ ਨਾਗਰਿਕਾਂ ਨੂੰ ਸਹੁੰ ਚੁਕਾਈ ਗਈ। ਇਹ ਪ੍ਰੋਗਰਾਮ ਕੈਲਗਰੀ ਇੰਟਰਨੈਸ਼ਨਲ ਏਅਰਪੋਰਟ 'ਤੇ ਆਯੋਜਿਤ ਕੀਤਾ ਗਿਆ ਸੀ। ਸਿਟੀਜ਼ਨਸ਼ਿਪ ਦੇ ਆਨਰੇਰੀ ਜੱਜ ਆਇਰੀਨ ਫਾਇਫਰ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ। ਕੈਲਗਰੀ ਵਿਚ ਹਰ ਸਾਲ ਲਗਪਗ 20 ਹਜ਼ਾਰ ਵਿਅਕਤੀ ਕੈਨੇਡਾ ਦੀ ਨਾਗਰਿਕਤਾ ਹਾਸਲ ਕਰਦੇ ਹਨ।ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਕੈਨੇਡਾ ਦੇ ਸ਼ਾਨਦਾਰ ਆਯੋਜਨ ਕੀਤੇ ਗਏ। ਪ੍ਰੇਅਰੀ ਵਿੰਡ ਪਾਰਕ ਵਿਚ ਅਹਿਮਦੀਆ ਮੁਸਲਿਮ ਭਾਈਚਾਰੇ ਵੱਲੋਂ ਵਿਸ਼ਾਲ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਸੀ। ਪ੍ਰੀਮੀਅਰ ਜੇਸਨ ਕੈਨੀ ਤੇ ਮੇਅਰ ਨਾਹੀਦ ਨੈਂਸੀ ਤੋਂ ਇਲਾਵਾ ਮੰਤਰੀ-ਮੰਡਲ ਦੇ ਕਈ ਮੈਂਬਰ, ਵਿਧਾਇਕ ਦਵਿੰਦਰ ਤੂਰ ਸਮੇਤ ਹੋਰ ਵਿਧਾਇਕ ਤੇ ਪਤਵੰਤੇ ਹਾਜ਼ਰ ਸਨ। ਡਾਊਨ-ਟਾਊਨ ਵਿਚ ਵੀ ਇਸ ਸਬੰਧੀ ਵਿਸ਼ੇਸ਼ ਪ੍ਰੋਗਰਾਮ ਰੱਖੇ ਗਏ ਸਨ। ਈਸਟ ਵਿਲੇਜ, ਚਾਇਨੀਜ਼ ਸੈਂਟਰ, ਫੋਰਟ ਕੈਲਗਰੀ, ਮੈਮੋਰੀਅਲ ਪਾਰਕ, ਸਿਟੀ ਹਾਲ ਪਲਾਜ਼ਾ ਅਤੇ ਪ੍ਰਿੰਸਸਿਜ਼ ਆਈਲੈਂਡ ਪਾਰਕ ਵਿਚ ਵੀ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਪਹੁੰਚ ਕੇ ਕੈਨੇਡਾ ਡੇ ਮਨਾਇਆ। ਲੋਕਾਂ ਨੇ ਕੈਨੇਡਾ ਦੇ ਰਾਸ਼ਟਰੀ ਝੰਡੇ ਵਾਲੀਆਂ ਟੀ-ਸ਼ਰਟਾਂ, ਟੋਪੀਆਂ, ਐਨਕਾਂ ਆਦਿ ਪਾਈਆਂ ਹੋਈਆਂ ਸਨ। ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਮੈਂਬਰਾਂ ਨੇ ਆਈਲੈਂਡ ਪਾਰਕ ਵਿਚ ਲੋਕਾਂ ਨੂੰ ਦਸਤਾਰਾਂ ਸਜਾਈਆਂ। ਲਗਪਗ 50 ਮੈਬਰਾਂ ਨੇ ਵੱਖ-ਵੱਖ ਭਾਈਚਾਰਿਆਂ ਦੇ 4 ਹਜ਼ਾਰ ਲੋਕਾਂ ਨੂੰ ਦਸਤਾਰਾਂ ਸਜਾਈਆਂ। ਮੇਅਰ ਨਾਹੀਦ ਨੈਂਸੀ ਅਤੇ ਕੌਂਸਲਰ ਜੌਰਜ ਚਾਹਲ ਵੀ ਇਨ੍ਹਾਂ ਵਿਚ ਸ਼ਾਮਲ ਸਨ।ਦਸਤਾਰ ਸਜਾਉਣ ਦੇ ਚਾਹਵਾਨ ਲੋਕਾਂ ਨੂੰ ਲਾਈਨ ਵਿਚ ਲੱਗ ਕੇ ਲੰਮਾ ਸਮਾਂ ਇੰਤਜ਼ਾਰ ਵੀ ਕਰਨਾ ਪਿਆ। ਇਸ ਅਨੋਖੀ ਸੇਵਾ ਲਈ ਕੱਪੜੇ ਦੀ ਸੇਵਾ ਵੀ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਕੀਤੀ। ਇਸ ਦਾ ਮਕਸਦ ਵੱਖ-ਵੱਖ ਕੈਨੇਡੀਅਨ ਭਾਈਚਾਰਿਆਂ ਦੇ ਲੋਕਾਂ ਨੂੰ ਸਿੱਖਾਂ ਦੀ ਵੱਖਰੀ ਪਹਿਚਾਣ ਅਤੇ ਦਸਤਾਰ ਦੇ ਮਹੱਤਵ ਬਾਰੇ ਜਾਗਰੂਕ ਕਰਨਾ ਸੀ। ਵੱਖ-ਵੱਖ ਕਮਿਊੁਨਿਟੀਆਂ ਵਿਚ ਵੀ ਆਪੋ ਆਪਣੇ ਪੱਧਰ 'ਤੇ ਇਹ ਪ੍ਰੋਗਰਾਮ ਰੱਖੇ ਗਏ ਸਨ।ਦੇਰ ਰਾਤ ਨੂੰ ਸੈਂਟਰ ਸਟ੍ਰੀਟ ਬਿ੍ਜ 'ਤੇ ਸ਼ਾਨਦਾਰ ਆਤਿਸ਼ਬਾਜ਼ੀ ਕੀਤੀ ਗਈ।