Tension between Canada and China : ਓਟਾਵਾ, ਏਪੀ : ਚੀਨ ਤੇ ਕੈਨੇਡਾ ਵਿਚਕਾਰ ਤਣਾਅ ਵਧਦਾ ਜਾ ਰਿਹਾ ਹੈ ਸ਼ੁੱਕਰਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਕਿ ਉਨ੍ਹਾਂ ਦਾ ਦੇਸ਼ ਚੀਨ ਵਿਚ ਹੋਣ ਵਾਲੇ ਮਨੁੱਖੀ ਅਧਿਕਾਰਾਂ ਦੇ ਘਾਣ ਖ਼ਿਲਾਫ਼ ਹਮੇਸ਼ਾ ਖਡ਼੍ਹਾ ਰਹੇਗਾ। ਵੀਰਵਾਰ ਨੂੰ ਕੈਨੇਡਾ 'ਚ ਚੀਨ ਦੇ ਰਾਜਦੂਤ ਨੇ ਹਾਂਗਕਾਂਗ ਛੱਡ ਕੇ ਆ ਰਹੇ ਲੋਕਾਂ ਨੂੰ ਪਨਾਹ ਨਾ ਦੇਣ ਸਬੰਧੀ ਓਟਾਵਾ ਨੂੰ ਚਿਤਾਵਨੀ ਦਿੱਤੀ ਸੀ।

ਰਾਜਦੂਤ ਕੋਂਗ ਪੀਯੂ ਨੇ ਕਿਹਾ ਕਿ ਜੇਕਰ ਕੈਨੇਡਾ ਹਾਂਗਕਾਂਗ 'ਚ ਰਹਿਣ ਵਾਲੇ 3 ਲੱਖ ਕੈਨੇਡੀਅਨ ਨਾਗਰਿਕਾਂ ਬਾਰੇ ਤੇ ਉੱਥੇ ਕਾਰੋਬਾਰ ਕਰ ਰਹੀਆਂ ਕੰਪਨੀਆਂ ਬਾਰੇ ਸੋਚਦਾ ਹੈ ਤਾਂ ਉਸ ਨੂੰ ਚੀਨ ਦੇ ਹਿੰਸਾ ਨਾਲ ਲਡ਼ਨ ਦੇ ਯਤਨਾਂ 'ਚ ਸਹਿਯੋਗ ਕਰਨਾ ਪਵੇਗਾ। ਟਰੂਡੋ ਨੇ ਕਿਹਾ, 'ਅਸੀਂ ਮਨੁੱਖੀ ਅਧਿਕਾਰਾਂ ਦੇ ਸਮਰਥਨ 'ਚ ਮਜ਼ਬੂਤੀ ਨਾਲ ਖਡ਼੍ਹੇ ਰਹਾਂਗੇ। ਚਾਹੇ ਉਹ ਉਈਗਰ ਭਾਈਚਾਰੇ ਦੀਆਂ ਪਰੇਸ਼ਾਨੀਆਂ ਬਾਰੇ ਗੱਲ ਹੋਵੇ ਜਾਂ ਫਿਰ ਹਾਂਗਕਾਂਗ ਦੀ ਚਿੰਤਾਜਨਕ ਸਥਿਤੀ ਬਾਰੇ ਜਾਂ ਫਿਰ ਚੀਨ ਦੀ ਬਲਪੂਰਵਕ ਕੂਟਨੀਤੀ ਬਾਰੇ ਗੱਲ ਕਰਨਾ ਹੋਵੇ।'

ਟਰੂਡੋ ਨੇ ਕਿਹਾ ਕਿ ਕੈਨੇਡਾ ਦੁਨੀਆ ਭਰ 'ਚ ਆਪਣੇ ਉਨ੍ਹਾਂ ਸਹਿਯੋਗੀਆਂ ਤੇ ਅਮਰੀਕਾ, ਆਸਟ੍ਰੇਲੀਆ, ਬ੍ਰਿਟੇਨ, ਯੂਰਪੀ ਦੇਸ਼ਾਂ ਦੇ ਨਾਲ ਖਡ਼੍ਹਾ ਹੈ, ਜਿਹਡ਼ੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਪ੍ਰਤੀ ਚਿੰਤਤ ਹਨ। ਓਧਰ, ਕੈਨੇਡਾ 'ਚ ਵਿਰਧੀ ਧਿਰ ਕੰਜ਼ਰਵੇਟਿਵ ਆਗੂ ਇਰਿਨ ਓਟੂਲੇ ਨੇ ਆਪਣੇ ਬਿਆਨ ਲਈ ਚੀਨੀ ਰਾਜਦੂਤ ਤੋਂ ਮਾਫ਼ੀ ਮੰਗਣ ਨੂੰ ਕਿਹਾ ਹੈ। ਅਜਿਹਾ ਨਾ ਕਰਨ 'ਤੇ ਸਰਕਾਰ ਤੋਂ ਉਨ੍ਹਾਂ ਨੂੰ ਦੇਸ਼ 'ਚੋਂ ਕੱਢਣ ਦੀ ਮੰਗ ਕੀਤੀ ਹੈ।

ਉਨ੍ਹਾਂ ਕਿਹਾ ਕਿ ਚੀਨੀ ਰਾਜਦੂਤ ਦਾ ਬਿਆਨ ਸਪੱਸ਼ਟ ਰੂਪ 'ਚ ਹਾਂਗਕਾਂਗ 'ਚ ਰਹਿੰਦੇ ਤਿੰਨ ਲੱਖ ਕੈਨੇਡਾਈਨ ਲੋਕਾਂ ਨੂੰ ਧਮਕੀ ਵਾਂਗ ਹੈ। ਪਿਛਲੇ ਸਾਲ ਹਾਂਗਕਾਂਗ ਤੇ ਚੀਨ ਦੀਆਂ ਸਰਕਾਰਾਂ ਖ਼ਿਲਾਫ਼ ਸ਼ਹਿਰ 'ਚ ਪ੍ਰਦਰਸ਼ਨ ਤੇਜ਼ ਹੋ ਗਏ ਸਨ। ਸਰਕਾਰਾਂ ਖ਼ਿਲਾਫ਼ ਲੋਕਾਂ ਦੀਆਂ ਭਾਵਨਾਵਾਂ ਤੇ ਗੁੱਸੇ ਨੂੰ ਦਬਾਉਣ ਲਈ ਚੀਨ ਨੇ ਹਾਂਗਕਾਂਗ 'ਚ ਇਕ ਨਵਾਂ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕਰ ਦਿੱਤਾ ਜਿਹਡ਼ਾ 30 ਜੂਨ ਤੋਂ ਲਾਗੂ ਹੈ।

Posted By: Seema Anand