ਕਮਲਜੀਤ ਬੁੱਟਰ, ਕੈਲਗਰੀ : ਅਗਲੇ ਮਹੀਨੇ ਜ਼ਿਮਨੀ ਚੋਣ ਦਾ ਸਾਹਮਣਾ ਕਰਨ ਦੀ ਤਿਆਰੀ ਕਰ ਰਹੇ ਫੈਡਰਲ ਐੱਨਡੀਪੀ ਲੀਡਰ ਜਗਮੀਤ ਸਿੰਘ ਨੂੰ ਪਾਰਟੀ ਦੇ ਸੀਨੀਅਰ ਮੈਂਬਰਾਂ ਨੇ ਇਹ ਕਿਹਾ ਦੱਸਿਆ ਜਾਂਦਾ ਹੈ ਕਿ ਜੇ ਉਹ ਇਹ ਜ਼ਿਮਨੀ ਚੋਣ ਹਾਰ ਗਏ ਤਾਂ ਉਹ ਪਾਰਟੀ ਦੇ ਲੀਡਰ ਨਹੀਂ ਰਹਿ ਸਕਣਗੇ। ਜਗਮੀਤ ਸਿੰਘ 25 ਫਰਬਰੀ ਨੂੰ ਬਿ੍ਟਿਸ਼ ਕੋਲੰਬੀਆ ਦੀ ਬਰਨੇਬੀ ਸਾਊਥ ਰਾਈਡਿੰਗ ਤੋਂ ਜ਼ਿਮਨੀ ਚੋਣ ਲੜ ਰਹੇ ਹਨ। ਪਾਰਟੀ ਦੇ ਦੋ ਸੀਨੀਅਰ ਸੰਸਦ ਮੈਂਬਰਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਹੈ ਕਿ ਜਗਮੀਤ ਸਿੰਘ ਨੂੰ ਜੂਨ ਮਹੀਨੇ 'ਚ ਹੀ ਕਹਿ ਦਿੱਤਾ ਗਿਆ ਸੀ ਕਿ ਜੇ ਉਹ ਇਹ ਉਪ ਚੋਣ ਹਾਰ ਗਏ ਤਾਂ ਉਹਨਾਂ ਨੂੰ ਪਾਰਟੀ ਲੀਡਰ ਵਜੋਂ ਲਾਂਭੇ ਹੋਣਾ ਪਵੇਗਾ। ਉੱਧਰ, ਰਾਜਨੀਤੀ ਦੇ ਕਈ ਜਾਣਕਾਰਾਂ ਦਾ ਕਹਿਣਾ ਹੈ ਕਿ ਲਿਬਰਲ ਉਮੀਦਵਾਰ ਨੂੰ ਬਦਲੇ ਜਾਣ ਮਗਰੋਂ ਜਗਮੀਤ ਸਿੰਘ ਦੀ ਸਥਿਤੀ ਬਿਹਤਰ ਹੋ ਗਈ ਹੈ। ਜਗਮੀਤ ਸਿੰਘ ਨੇ ਵੀ ਭਰੋਸਾ ਪ੍ਰਗਟ ਕੀਤਾ ਹੈ ਕਿ ਉਹ ਇਹ ਚੋਣ ਹਰ ਹਾਲ 'ਚ ਜਿਤਣਗੇ, ਪਰ ਨਾਲ ਹੀ ਉਹਨਾਂ ਇਹ ਵੀ ਕਿਹਾ ਹੈ ਕਿ ਜੇ ਉਹ ਚੋਣ ਹਾਰ ਵੀ ਗਏ ਤਾਂ ਅਗਲੀਆਂ ਚੋਣਾਂ ਤਕ ਪਾਰਟੀ ਆਗੂ ਬਣੇ ਰਹਿਣਗੇ।