ਸੰਦੀਪ ਸਿੰਘ ਧੰਜੂ, ਸਰੀ : ਬਰਤਾਨੀਆ ਕੋਲੰਬੀਆ ਦੇ ਰੁਜ਼ਗਾਰ ਮੰਤਰੀ ਬਰੂਸ ਰਾਲਸਟਨ ਨੇ ਕੈਨੇਡਾ ਦੇ ਅੰਕੜਾ ਵਿਭਾਗ ਵੱਲੋਂ ਦਿੱਤੇ ਤਾਜ਼ਾ ਅੰਕੜਿਆਂ ਬਾਰੇ ਬਿਆਨ ਦਿੰਦਿਆਂ ਕਿਹਾ ਕਿ ਬੀਸੀ ਦਾ ਅਰਥਚਾਰਾ ਲਗਾਤਾਰ ਮਜ਼ਬੂਤ ਹੋ ਰਿਹਾ ਹੈ ਕਿਉਂਕਿ ਲਗਾਤਾਰ ਪਿਛਲੇ 23 ਮਹੀਨਿਆਂ ਤੋਂ ਇੱਥੋਂ ਦੀ ਬੇਰੁਜ਼ਗਾਰੀ ਦਰ ਸਾਰੇ ਕੈਨੇਡਾ ਦੇ ਮੁਕਾਬਲੇ ਸਭ ਤੋਂ ਤੇਜ਼ੀ ਨਾਲ ਘੱਟ ਰਹੀ ਹੈ। ਜੂਨ 'ਚ ਇਹ ਦਰ 4.5 ਫ਼ੀਸਦੀ ਰਹੀ ਅਤੇ ਪਿਛਲੇ ਇਕ ਸਾਲ ਦੌਰਾਨ ਇਕ ਲੱਖ ਨੌਂ ਹਜਾਰ ਇਕ ਸੌ ਨਵੀਆਂ ਨੌਕਰੀਆਂ ਪੈਦਾ ਕੀਤੀਆਂ ਗਈਆਂ ਹਨ। ਇਨ੍ਹਾਂ 'ਚੋਂ ਰਿਟੇਲ ਅਤੇ ਤਕਨਾਲੋਜੀ ਖੇਤਰਾਂ 'ਚ ਸਭ ਤੋਂ ਵੱਧ ਰੁਜ਼ਗਾਰ ਦੇ ਮੌਕੇ ਮੁਹੱਈਆ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਾਨੂੰ ਪਤਾ ਹੈ ਕਿ ਕੁਝ ਮਿੱਲਾਂ ਬੰਦ ਹੋਣ ਅਤੇ ਜੰਗਲਾਤ ਖੇਤਰ 'ਚ ਕੁਝ ਕਾਮਿਆਂ ਦੀ ਛੁੱਟੀ ਹੋ ਜਾਣ ਕਾਰਨ ਕਈ ਸਮੱਸਿਆਵਾਂ ਹਨ, ਪਰ ਇਹਨਾਂ ਖੇਤਰਾਂ 'ਚੋਂ ਬੇਰੁਜ਼ਗਾਰ ਹੋਏ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ।