ਸੰਦੀਪ ਸਿੰਘ ਧੰਜੂ, ਸਰੀ : ਇਥੋਂ ਨੇੜਲੇ ਸ਼ਹਿਰ ਐਬਟਸਫੋਰਡ ਦੇ ਸਕੋਸ਼ੀਆ ਬੈਂਕ ਵਿੱਚ ਲੁੱਟਣ ਦੀ ਕੋਸ਼ਿਸ਼ ਨੂੰ ਉਥੇ ਮੌਜੂਦ ਗਾਹਕਾਂ ਨੇ ਨਾਕਾਮਯਾਬ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਸਾਊਥ ਫ੍ਰੇਜਰ ਅਤੇ ਗਲਾਡਵਿਨ ਰੋਡ ਉਤੇ ਸਥਿਤ ਬੈਂਕ ਦੀ ਇਸ ਬ੍ਰਾਂਚ ਵਿਚ ਸਵੇਰੇ ਕਰੀਬ 11:20 ਵਜੇ ਇਕ ਹਥਿਆਰਬੰਦ ਵਿਅਕਤੀ ਲੁੱਟ ਦੀ ਯੋਜਨਾ ਨਾਲ ਬੈਂਕ ਵਿਚ ਵੜਿਆ ਪਰ ਉਥੇ ਮੌਜੂਦ ਚਾਰ ਵਿਅਕਤੀਆਂ ਨੇ ਮਿਲ ਕੇ ਇਸ ਹਥਿਆਰਬੰਦ ਵਿਅਕਤੀ ਨੂੰ ਕਾਬੂ ਕਰ ਲਿਆ ਅਤੇ ਕੋਈ ਅਣਸੁਖਾਵੀਂ ਘਟਨਾ ਵਾਪਰਨ ਤੋਂ ਬਚਾਅ ਕਰ ਲਿਆ ਗਿਆ।

ਪੁਲਿਸ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਇਕ ਸ਼ੱਕੀ ਵਿਅਕਤੀ ਸ਼ਾਟਗਨ ਲੈ ਕੇ ਬੈਂਕ ਵਿਚ ਆਇਆ ਅਤੇ ਬੈਂਕ ਵਿਚ ਖੜ੍ਹੇ ਸਾਰੇ ਗਾਹਕਾਂ ਨੂੰ ਹੇਠਾਂ ਜ਼ਮੀਨ ‘ਤੇ ਲੇਟ ਜਾਣ ਲਈ ਆਖਿਆ ਅਤੇ ਕਾਊਂਟਰ ਉਤੇ ਆਪਣਾ ਬੈਗ ਰੱਖ ਕੈਸ਼ੀਅਰ ਤੋਂ ਨਕਦੀ ਦੀ ਮੰਗ ਕੀਤੀ। ਇਹ ਵੇਖਦਿਆਂ ਬੈਂਕ ਵਿਚ ਮੌਜੂਦ ਇੱਕ ਗਾਹਕ ਨੇ ਹੌਂਸਲਾ ਕਰਦਿਆਂ ਉਸ ਦਾ ਸਾਹਮਣਾ ਕੀਤਾ ਜਿਸ ਨੂੰ ਵੇਖ ਤਿੰਨ ਹੋਰ ਗਾਹਕਾਂ ਨੇ ਹਿੰਮਤ ਦਿਖਾਉਂਦਿਆਂ ਉਸਦਾ ਸਾਥ ਦਿੱਤਾ ਅਤੇ ਕਥਿਤ ਲੁਟੇਰੇ ਨੂੰ ਹੇਠਾਂ ਸੁੱਟ ਕੇ ਕਾਬੂ ਕਰ ਲਿਆ । ਘਟਨਾ ਦੀ ਜਾਣਕਾਰੀ ਮਿਲਦਿਆਂ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਚਾਰ ਤੋਂ ਪੰਜ ਮਿੰਟ ਵਿਚ ਉਥੇ ਪਹੁੰਚ ਕੇ ਸਥਿਤੀ ਨੂੰ ਕਾਬੂ ਕਰ ਲਿਆ ਅਤੇ ਹਥਿਆਰਬੰਦ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ।

ਪੁਲਿਸ ਅਫਸਰ ਜੂਡੀ ਬਰਡ ਅਨੁਸਾਰ ਵਾਰਦਾਤ ਦੌਰਾਨ ਕਿਸੇ ਦੇ ਵੀ ਕੋਈ ਚੋਟ ਨਹੀਂ ਆਈ। ਪੁਲਿਸ, ਬੈਂਕ ਮੁਲਾਜ਼ਮ ਅਤੇ ਸਥਾਨਕ ਲੋਕਾਂ ਵੱਲੋਂ ਚਾਰ ਗਾਹਕਾਂ ਵੱਲੋਂ ਦਿਖਾਈ ਦਲੇਰੀ ਦੀ ਸ਼ਲਾਘਾ ਕੀਤੀ ਜਾ ਰਹੀ ਹੈ।

Posted By: Tejinder Thind