ਟੋਰਾਂਟੋ (ਆਈਏਐੱਨਐੱਸ) : ਖ਼ਾਲਿਸਤਾਨੀ ਸਮਰਥਕਾਂ ਵੱਲੋਂ ਭਾਰਤ ਵਿਰੋਧੀ ਸਰਗਰਮੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਕੈਨੇਡਾ ’ਚ ਟੋਰਾਂਟੋ ਸਥਿਤ ਸਿਟੀ ਹਾਲ ਕੋਲ ਮੌਜੂਦ ਮਹਾਤਮਾ ਗਾਂਧੀ ਦੇ ਬੁੱਤ ਨੂੰ ਨਿਸ਼ਾਨਾ ਬਣਾਉਂਦੇ ਹੋਏ ਸਪ੍ਰੇਪੇਂਟ ਨਾਲ ਇਸ ਨੂੰ ਬਦਰੰਗ ਕਰ ਦਿੱਤਾ ਗਿਆ। ਇਹ ਬੁੱਤ ਭਾਰਤ ਸਰਕਾਰ ਵੱਲੋਂ ਤੋਹਫ਼ੇ ਦੇ ਰੂਪ ’ਚ ਦਿੱਤਾ ਗਿਆ ਸੀ। ਹੈਮਿਲਟਨ ਪੁਲਿਸ ਨੇ ਕਿਹਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ। ਮਹਾਤਮਾ ਗਾਂਧੀ ਦੇ ਛੇ ਫੁੱਟ ਉੱਚੇ ਕਾਂਸੇ ਦੇ ਬੁੱਤ ਨਾਲ ਖ਼ਾਲਿਸਤਾਨੀ ਝੰਡਾ ਵੀ ਲਗਾ ਦਿੱਤਾ ਗਿਆ ਹੈ। ਖ਼ਾਲਿਸਤਾਨੀ ਸਮਰਥਕਾਂ ਨੇ ਭਾਰਤ ਵਿਰੋਧੀ ਗੱਲਾਂ ਦੇ ਨਾਲ ਹੀ ਮਹਾਤਮਾ ਗਾਂਧੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਅਪਸ਼ਬਦ ਵੀ ਲਿਖੇ ਹਨ।

ਜ਼ਿਕਰਯੋਗ ਹੈ ਕਿ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਖ਼ਾਲਿਸਤਾਨੀ ਸਮਰਥਕਾਂ ਵੱਲੋਂ ਉੱਤਰੀ ਅਮਰੀਕਾ ਨਾਲ ਜੁੜੇ ਦੇਸ਼ਾਂ ’ਚ ਭਾਰਤ ਨਾਲ ਜੁੜੇ ਬੁੱਤਾਂ ਤੇ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕੈਨੇਡਾ ’ਚ ਹਿੰਦੂ ਮੰਦਰਾਂ ’ਤੇ ਹਮਲਿਆਂ ਦੀ ਲੜੀ ਸ਼ੁਰੂ ਹੋ ਗਈ ਹੈ। ਇਸ ’ਚ ਕਰੂਰਤਾ ਨਾਲ ਭਾਰਤ ਵਿਰੋਧੀ ਚਿੱਤਰ, ਤੋੜਭੰਨ ਤੇ ਚੋਰੀ ਦੀਆਂ ਕਰੀਬ ਅੱਧੀ ਦਰਜਨ ਘਟਨਾਵਾਂ ਸ਼ਾਮਲ ਹਨ।

ਇਸ ਸਾਲ ਜਨਵਰੀ ’ਚ ਬ੍ਰੈਂਪਟਨ ’ਚ ਗੌਰੀਸ਼ੰਕਰ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ’ਚ ਮੰਦਰ ਦੀਆਂ ਦੀਵਾਰਾਂ ’ਤੇ ਖ਼ਾਲਿਸਤਾਨ ਦੇ ਸਮਰਥਨ ’ਚ ਨਾਅਰੇ ਲਿਖੇ ਗਏ ਸਨ। ਉੱਥੇ, ਫਰਵਰੀ ’ਚ ਮਿਸੀਸਾਗਾ ’ਚ ਰਾਮ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਹਾਲ ਹੀ ’ਚ ਭਾਰਤਵੰਸ਼ੀ ਸੰਸਦ ਮੈਂਬਰ ਚੰਦਰਾ ਆਰੀਆ ਨੇ ਓਟਾਵਾ ਸਰਕਾਰ ਤੋਂ ਇਸ ਨਾਲ ਜੁੜੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਣ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਇੰਟਰਨੈੱਟ ਮੀਡੀਆ ’ਤੇ ਨਫ਼ਰਤ ਫੈਲਾਉਣ ਤੋਂ ਬਾਅਦ ਹਿੰਦੂ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

Posted By: Sandip Kaur