ਬਰਨਬੀ, ਏਜੰਸੀ : ਬਰਨਬੀ ਸ਼ਾਪਿੰਗ ਮਾਲ ਵਿਚ ਵੀਰਵਾਰ ਸ਼ਾਮ ਕਰੀਬ 8.30 ਵਜੇ ਦੋ ਗੁੱਟਾਂ ’ਚ ਹੋਈ ਗੋਲ਼ੀਬਾਰੀ ਦੌਰਾਨ ‘ਬ੍ਰਦਰਜ਼ ਕੀਪਰ’ ਗਰੁੱਪ ਦਾ ਇਕ ਪੰਜਾਬੀ ਗੈਂਗਸਟਰ ਮਾਰਿਆ ਗਿਆ ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਗੈਂਗਵਾਰ ਦਾ ਨਤੀਜਾ ਹੈ।

ਗੋਲ਼ੀਬਾਰੀ ਮੈਰੀਨ ਵੇਅ ਤੇ ਬਾਇਰਨ ਰੋਡ ’ਤੇ ਸਥਿਤ ਕਰੌਸਿੰਗ ਮਾਲ ਦੀ ਪਾਰਕਿੰਗ ਲੌਟ ਵਿਚ ਹੋਈ, ਜਿਸ ਦੌਰਾਨ ਇਕ ਵਿਅਕਤੀ ਮੌਕੇ ’ਤੇ ਮਾਰਿਆ ਗਿਆ ਜਦਕਿ ਇਕ ਹੋਰ ਨੌਜਵਾਨ ਤੇ ਮੁਟਿਆਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਪਹੁੰਚਾਇਆ ਗਿਆ। ਗੋਲ਼ੀਬਾਰੀ ਦੌਰਾਨ ਕੈਕਟਸ ਕਲੱਬ ਦੇ ਪੈਟੀਓ ’ਤੇ ਬੈਠੇ ਲੋਕ ਜਾਨ ਬਚਾਉਣ ਲਈ ਭੱਜਦੇ ਦਿਖਾਈ ਦਿਤੇ। ਮੰਨਿਆ ਜਾ ਰਿਹਾ ਹੈ ਕਿ ਇਹ ਗੋਲ਼ੀਬਾਰੀ ਇਸ ਐਤਵਾਰ ਨੂੰ ਏਅਰਪੋਰਟ ਨੇੜੇ ਮਾਰੇ ਗਏ ਗੈਂਗਸਟਰ ਕਰਮਨ ਗਰੇਵਾਲ ਦੇ ਬਦਲੇ ਵਜੋਂ ਕੀਤੀ ਗਈ ਹੈ। ਇਸ ਘਟਨਾ ਵਿਚ ਮਾਰਿਆ ਗਿਆ ਵਿਅਕਤੀ ਸਰੀ ਵਿਚ ਜੂਨ 2019 ਵਿਚ ਹੋਏ ਇਕ ਹਮਲੇ ਦੇ ਦੋਸ਼ ਵਿਚ ਪੈਰੋਲ ’ਤੇ ਸੀ।

ਜ਼ਿਕਰਯੋਗ ਹੈ ਅਮਰੀਕਨ ਗੈਂਗ ‘ਬ੍ਰਦਰਜ਼ ਕੀਪਰ’ ਗਰੁੱਪ ਅਤੇ ‘ਰੈੱਡ ਸਕਾਰਪੀਓ-ਕੰਗ’ ਗਰੁੱਪ ਵਿਚ ਖ਼ੂਨੀ ਲੜਾਈ 2017 ਤੋਂ ਚੱਲ ਰਹੀ ਹੈ। ਇਸ ਸਾਲ ਵਿਚ ਲਗਾਤਾਰ ਗੋਲ਼ੀਬਾਰੀ ਦੌਰਾਨ ਦੋਵਾਂ ਪਾਸਿਆਂ ਤੋਂ ਕਈ ਗੈਂਗਸਟਰ ਮਾਰੇ ਜਾ ਚੁੱਕੇ ਹਨ।

Posted By: Seema Anand