ਕੈਲਗਰੀ (ਏਜੰਸੀ) : ਉੱਤਰੀ-ਪੂਰਬੀ ਕੈਲਗਰੀ (ਕੈਨੇਡਾ) ਵਿਚ ਇਕ ਬਰਫੀਲੇ ਤਲਾਅ 'ਚ ਡਿੱਗੀਆਂ ਦੋ ਕੁੜੀਆਂ ਦੀ ਜਾਨ ਸਿੱਖ ਬਾਬੇ ਨੇ ਆਪਣੀ ਪੱਗ ਨਾਲ ਬਚਾਈ। ਘਟਨਾ ਸ਼ੁੱਕਰਵਾਰ (ਕੈਨੇਡੀਅਨ ਸਮੇਂ ਮੁਤਾਬਕ) ਦੀ ਦੱਸੀ ਜਾ ਰਹੀ ਹੈ। ਜਦੋਂ ਦੋ ਕੁੜੀਆਂ ਮੀਂਹ ਦੇ ਪਾਣੀ ਨਾਲ ਬਣੇ ਬਰਫੀਲੇ ਤਲਾਅ 'ਚ ਤਿਲਕ ਗਈਆਂ ਤੇ ਜਾਨ ਬਚਾਉਣ ਲਈ ਚੀਕਾਂ ਮਾਰਨ ਲੱਗੀਆਂ।

ਇਨ੍ਹਾਂ ਕੁੜੀਆਂ ਦੇ ਡਿੱਗਣ ਤੋਂ ਤੁਰੰਤ ਬਾਅਦ ਉੱਥੇ ਸੈਰ ਕਰ ਰਹੇ ਸਿੱਖ ਬਾਬੇ ਹਰਕਤ 'ਚ ਆਏ ਤੇ ਪਹਿਲਾਂ ਤਾਂ ਉਨ੍ਹਾਂ ਨੇ ਪਾਰਕ 'ਚ ਪਏ ਕੰਸਟਰੱਕਸ਼ਨ ਦੇ ਸਾਮਾਨ ਨਾਲ ਕੁੜੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਗੱਲ ਨਾ ਬਣਦੀ ਦਿਸੀ ਤਾਂ ਉਨ੍ਹਾਂ ਨੇ ਤੁਰੰਤ ਆਪਣੀ ਪੱਗ ਲਾਹ ਕੇ ਉਸ ਨੂੰ ਰੱਸੇ ਵਜੋਂ ਵਰਤਦਿਆਂ ਤਲਾਅ 'ਚ ਸੁੱਟੀ ਤੇ ਕੁੜੀਆਂ ਨੂੰ ਬਾਹਰ ਖਿੱਚਣ ਲੱਗੇ। ਉੱਥੇ ਮੌਜੂਦ ਹੋਰ ਪੰਜਾਬੀਆਂ ਨੇ ਮੌਕੇ 'ਤੇ ਪਏ ਪਾਣੀ ਵਾਲੇ ਪਾਈਪ ਦੀ ਮਦਦ ਨਾਲ ਅਤੇ ਪੱਗ ਨਾਲ ਕੁੜੀਆਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਜਿਸ ਦੀ ਸਾਰੀ ਵੀਡੀਓ ਤਲਾਅ ਦੇ ਸਾਹਮਣੇ ਦੇ ਘਰ 'ਚੋਂ ਇਕ ਪੰਜਾਬੀ ਨੇ ਆਪਣੇ ਫੋਨ ਦੇ ਕੈਮਰੇ 'ਚ ਕੈਦ ਕਰ ਲਈ।।

ਗਲੋਬਲ ਨਿਊਜ਼ ਨਾਲ ਗੱਲ ਕਰਦਿਆਂ ਘਟਨਾ ਦੀ ਵੀਡੀਓ ਬਣਾਉਣ ਵਾਲੇ ਪੰਜਾਬੀ ਕੁਲਨਿੰਦਰ ਬਾਂਗਰ ਨੇ ਕਿਹਾ ਕਿ ਉਸ ਦੀ ਧੀ ਨੇ ਕੁੜੀਆਂ ਦੇ ਤਲਾਅ 'ਚ ਡਿੱਗਣ ਬਾਰੇ ਉਸ ਨੂੰ ਦੱਸਿਆ ਤੇ ਉਸ ਨੇ ਤੁਰੰਤ ਆਪਣੇ ਫੋਨ 'ਚ ਸਿੱਖਾਂ ਵੱਲੋਂ ਕੁੜੀਆਂ ਨੂੰ ਬਚਾਉਣ ਦੀ ਵੀਡੀਓ ਰਿਕਾਰਡ ਕਰ ਲਈ।। ਉਸ ਨੇ ਕਿਹਾ ਕਿ ਸਿੱਖ ਆਪਣੀ ਪੱਗ ਦੀ ਬਹੁਤ ਇੱਜ਼ਤ ਕਰਦੇ ਹਨ ਤੇ ਫਿਰ ਵੀ ਉਨ੍ਹਾਂ ਨੇ ਕੁੜੀਆਂ ਨੂੰ ਬਚਾਉਣ ਖਾਤਿਰ ਆਪਣੀ ਪੱਗ ਨੂੰ ਉਤਾਰ ਦਿੱਤਾ। ਸਿੱਖ ਬਾਬਿਆਂ ਵੱਲੋਂ ਤਲਾਅ 'ਚ ਡੁੱਬਦੀਆਂ ਕੁੜੀਆਂ ਦੀ ਜਾਨ ਬਚਾਉਣ ਦੇ ਚਰਚੇ ਪੂਰੇ ਕੈਨੇਡਾ 'ਚ ਹੋ ਰਹੇ ਹਨ।

Posted By: Sunil Thapa