ਓਟਾਵਾ (ਆਈਏਐੱਨਐੱਸ) : ਕੈਨੇਡਾ ਦਾ 84 ਸਾਲਾ ਨਾਗਰਿਕ ਰੋਏ ਜੋਰਗਨ ਸਵੇਨਿੰਗਸਨ ਐਂਟਾਰਕਟਿਕ ਆਈਸ ਮੈਰਾਥਨ ਵਿਚ ਹਿੱਸਾ ਲੈਣ ਵਾਲੇ ਸਭ ਤੋਂ ਵੱਡੀ ਉਮਰ ਦੇ ਵਿਅਕਤੀ ਬਣ ਗਏ ਹਨ। ਸੀਟੀਵੀ ਅਨੁਸਾਰ ਰੋਏ ਜੋਰਗਨ ਨੇ 13 ਦਸੰਬਰ ਨੂੰ ਇਹ ਦੌੜ ਸ਼ੁਰੂ ਕੀਤੀ ਸੀ ਤੇ ਸੋਮਵਾਰ ਨੂੰ 11 ਘੰਟੇ 41 ਮਿੰਟਾਂ ਵਿਚ ਇਸ ਨੂੰ ਪੂਰਾ ਕੀਤਾ। ਦੌੜ ਪੂਰੀ ਕਰਨ ਪਿੱਛੋਂ ਰੋਏ ਨੇ ਕਿਹਾ ਕਿ ਇਕ ਸਮੇਂ ਮੈਂ ਸੋਚਿਆ ਸੀ ਕਿ ਮੈਂ ਇਹ ਦੌੜ ਪੂਰੀ ਨਹੀਂ ਕਰ ਸਕਾਂਗਾ ਪ੍ਰੰਤੂ ਮੈਂ ਇਸ ਵਿਚ ਕਾਮਯਾਬ ਰਿਹਾ। ਐਡਮੰਟਨ ਦੇ ਰਹਿਣ ਵਾਲੇ ਸੇਵਾਮੁਕਤ ਆਇਲ ਵਰਕਰ ਰੋਏ 1964 ਤੋਂ ਵੱਖ-ਵੱਖ ਦੌੜਾਂ ਵਿਚ ਹਿੱਸਾ ਲੈ ਰਹੇ ਹਨ। 42 ਕਿਲੋਮੀਟਰ ਐਂਟਾਰਕਟਿਕ ਮੈਰਾਥਨ ਵਿਚ ਹਿੱਸਾ ਲੈਣ ਲਈ ਉਨ੍ਹਾਂ ਇਕ ਸਾਲ ਪ੍ਰੈਕਟਿਸ ਕੀਤੀ। ਇਸ ਦੌੜ ਨੂੰ ਸਭ ਤੋਂ ਮੁਸ਼ਕਿਲ ਦੌੜ ਮੰਨਿਆ ਜਾਂਦਾ ਹੈ। ਇਸ ਦੌੜ ਵਿਚ ਹਿੱਸਾ ਲੈਣ ਲਈ ਐਂਟਰੀ ਫੀਸ 24,800 ਕੈਨੇਡੀਅਨ ਡਾਲਰ (ਲਗਪਗ 19,000 ਡਾਲਰ) ਹੈ। ਇਸ ਦੌੜ ਵਿਚ ਹਿੱਸਾ ਲੈਣ ਵਾਲੇ ਚਿਲੀ ਰਾਹੀਂ ਐਂਟਾਰਕਟਿਕਾ ਪੁੱਜਦੇ ਹਨ। ਉਹ ਉੱਥੇ ਟੈਂਟਾਂ ਵਿਚ ਰਹਿੰਦੇ ਹਨ। ਇਸ ਸਾਲ ਇਸ ਦੌੜ ਦੇ ਜੇਤੂ ਅਮਰੀਕਾ ਦੇ ਵਿਲੀਅਮ ਹਾਫਰਟੀ ਰਹੇ ਹਨ ਜਿਨ੍ਹਾਂ ਨੇ ਇਹ ਦੌੜ 3 ਘੰਟੇ, 34 ਮਿੰਟ ਅਤੇ 12 ਸਕਿੰਟਾਂ ਵਿਚ ਪੂਰੀ ਕੀਤੀ।

Posted By: Rajnish Kaur