ਕਮਲਜੀਤ ਬੁੱਟਰ, ਕੈਲਗਰੀ : ਮਾਈਗ੍ਰੇਸ਼ਨ ਨੂੰ ਲੈ ਕੇ ਕਰਵਾਏ ਇਕ ਸਰਵੇਖਣ ਵਿਚ ਸਾਹਮਣੇ ਆਇਆ ਹੈ ਕਿ ਕੈਨੇਡਾ ਵਾਸੀ ਚਾਹੁੰਦੇ ਹਨ ਕਿ ਵਿਦੇਸ਼ਾਂ ਤੋਂ ਕੈਨੇਡਾ ਵਿਚ ਸੱਦੇ ਜਾਣ ਵਾਲੇ ਵਿਅਕਤੀਆਂ ਦੀ ਗਿਣਤੀ ਸੀਮਤ ਕੀਤੀ ਜਾਣੀ ਚਾਹੀਦੀ ਹੈ। ਇਮੀਗ੍ਰੇਸ਼ਨ ਦੇ ਫੈਡਰਲ ਮੰਤਰੀ ਅਹਿਮਦ ਹੁਸੈਨ ਨੇ ਕਿਹਾ ਹੈ ਕਿ ਲੋਕਾਂ ਦੀ ਇਹ ਸੋਚ ਗੰਭੀਰ ਵਿਚਾਰ ਦਾ ਮਾਮਲਾ ਹੇ। ਲੈਜਰ ਪੋਲ ਵੱਲੋਂ ਕਰਵਾਏ ਗਏ ਸਰਵੇਖਣ 'ਚ ਸਾਹਮਣੇ ਆਇਆ ਹੈ ਕਿ 63 ਫ਼ੀਸਦੀ ਲੋਕਾਂ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਨੂੰ ਚਾਹੀਦਾ ਹੈ ਕਿ ਇਮੀਗ੍ਰੇਸ਼ਨ ਪੱਧਰ ਸੀਮਤ ਕੀਤੇ ਜਾਣ ਨੂੰ ਪਹਿਲ ਦੇਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਸਾਰਿਆਂ ਨੂੰ ਇੰਟੀਗ੍ਰੇਟ ਕਰਨ ਦੀ ਯੋਗਤਾ ਵੀ ਸੀਮਤ ਹੁੰਦੀ ਹੈ। ਸਿਰਫ਼ 37 ਫ਼ੀਸਦੀ ਲੋਕਾਂ ਨੇ ਕਿਹਾ ਹੈ ਕਿ ਦੇਸ਼ ਵਿਚ ਇਮੀਗ੍ਰੇਸ਼ਨ ਸੀਮਤ ਨਹੀਂ ਹੋਣੀ ਚਾਹੀਦੀ। ਅਹਿਮਦ ਹੁਸੈਨ ਦਾ ਇਸ ਸਬੰਧ ਵਿਚ ਕਹਿਣਾ ਹੈ ਕਿ ਇਸ ਸਰਵੇਖਣ ਨਾਲ ਐਂਪਲਾਇਰਜ਼ ਨੂੰ ਸਭ ਤੋਂ ਵੱਧ ਚਿੰਤਾ ਹੋ ਰਹੀ ਹੈ ਜਿਨ੍ਹਾਂ ਨੂੰ ਹਮੇਸ਼ਾ ਕਾਮਿਆਂ ਦੀ ਲੋੜ ਰਹਿੰਦੀ ਹੈ। ਲੋਕਾਂ ਨੇ ਸਰਵੇਖਣ ਵਿਚ ਇਹ ਵੀ ਕਿਹਾ ਹੈ ਕਿ ਬਹੁਤੇ ਲੋਕਾਂ ਦੇ ਕੈਨੇਡਾ ਵਿਚ ਆਉਣ ਕਾਰਨ ਹਾਊਸਿੰਗ ਦੀ ਸਮੱਸਿਆ ਤੇ ਇਨਫ੍ਰਾਸਟਰੱਕਚਰ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਹ ਸਮੱਸਿਆ ਹਰ ਰੋਜ਼ ਵੱਧਦੀ ਜਾ ਰਹੀ ਹੈ। ਮੰਤਰੀ ਹੁਸੈਨ ਨੇ ਕਿਹਾ ਹੈ ਕਿ ਮੌਜੂਦਾ ਸਰਕਾਰ ਇਮੀਗ੍ਰੇਸ਼ਨ ਦਾ ਪੱਧਰ ਘੱਟ ਕਰਨ ਲਈ ਕੋਈ ਯੋਜਨਾ ਨਹੀਂ ਬਣਾ ਰਹੀ ਹੇ। ਇਸ ਸਰਵੇਖਣ ਵਿਚ 1,528 ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ ਸੀ ਤੇ ਇਹ ਸਰਵੇ 7 ਤੋਂ 10 ਜੂਨ ਦੇ ਦਰਮਿਆਨ ਆਨਲਾਈਨ ਕੀਤਾ ਗਿਆ ਸੀ।