ਕਮਲਜੀਤ ਬੁੱਟਰ, ਕੈਲਗਰੀ : ਐਲਬਰਟਾ ਦੇ ਵਿਧਾਨ ਸਭਾ ਅਹਾਤੇ ਵਿੱਚ ਬਣੀ ਫੈਡਰਲ ਬਿਲਡਿੰਗ ‘ਚ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ ਹੈ। ਕਲਚਰ, ਮਲਟੀਕਲਚਰਲਿਜ਼ਮ ਤੇ ਸਟੇਟਸ ਆਫ ਵਿਮੈਨ ਮਨਿਸਟਰ ਲੀਲਾ ਸ਼ੈਰਨ ਅਹੀਰ ਤੇ ਕਮਿਊਨਿਟੀ ਐਂਡ ਸੋਸ਼ਲ ਸਰਵਿਸਿਜ਼ ਮਨਿਸਟਰ ਰਾਜਨ ਸਾਹਨੀ ਦੀ ਅਗਵਾਈ ‘ਚ ਰੱਖੇ ਗਏ ਇਸ ਸਮਾਗਮ ‘ਚ ਪ੍ਰੀਮੀਅਰ ਜੇਸਨ ਕੈਨੀ ਨੇ ਮੁੱਖ ਮਹਿਮਾਨ ਵਜੋਂ ਹਿੱਸਾ ਲਿਆ। ਦੋਵਾਂ ਮੰਤਰੀਆਂ ਨੇ ਅੰਗਰੇਜ਼ੀ ਅਤੇ ਪੰਜਾਬੀ ‘ਚ ਜੀ-ਆਇਆਂ ਨੂੰ ਕਹਿ ਕੇ ਗੁਰੂ ਸਾਹਿਬ ਦੀ ਉਸਤਿਤ ਵਿੱਚ ਕੁਝ ਸ਼ਬਦ ਕਹੇ ਤੇ ਪ੍ਰੋਗਰਾਮ ਦੀ ਸ਼ੁਰੂਆਤ ਕੈਲਗਰੀ ਨਿਵਾਸੀ 10 ਸਾਲਾ ਬੱਚੇ ਸਫ਼ਲ ਸ਼ੇਰ ਸਿੰਘ ਮਾਲਵਾ ਦੇ ਨਵੇਂ ਆਏ ਗੀਤ ‘ਕਰਤਾਰਪੁਰ ਨਗਰੀ’ ਨਾਲ ਕੀਤੀ ਗਈ। ਇਸ ਮਗਰੋਂ ਕੈਲਗਰੀ ਤੋਂ ਹੀ ‘ਬੇਸਿਕਸ ਔਫ਼ ਸਿੱਖੀ’ ਨਾਲ ਜੁੜੀ ਕਾਰਕੁੰਨ ਬੱਚੀ ਅਵਨੀਤ ਕੌਰ ਪੱਡਾ ਨੇ ਗੁਰੂ ਨਾਨਕ ਦੇਵ ਜੀ ਵੱਲੋਂ ਔਰਤਾਂ ਨੂੰ ਬਰਾਬਰੀ ਦੇਣ ਦੇ ਸੁਨੇਹੇ ਦਾ ਉਸ ਦੇ ਜੀਵਨ ਉੱਪਰ ਪਿਆ ਪ੍ਰਭਾਵ ਬਿਆਨਿਆ। ਉਸ ਨੇ ਛੋਟੇ ਛੋਟੇ ਸਲਾਈਡਸ ਰਾਹੀਂ ਗੁਰੂ ਸਾਹਿਬ ਦੇ ਉਚ ਆਦਰਸ਼ਾਂ ਦਾ ਜ਼ਿਕਰ ਕੀਤਾ। ਇਸ ਮਗਰੋਂ ਐਡਮੰਟਨ ਮਿਲਵੁਡਜ਼ ਤੋਂ ਨਵੇਂ ਚੁਣੇ ਗਏ ਮੈਂਬਰ ਪਾਰਲੀਮੈਂਟ ਟਿਮ ਉੱਪਲ ਨੇ ਕਿਹਾ ਕਿ ਜਿੱਥੇ ਗੁਰੂ ਨਾਨਕ ਸਾਹਬ ਦੀਆਂ ਨਾਮਲੇਵਾ ਸੰਗਤਾਂ ਵੱਲੋਂ ‘ਵੰਡ ਕੇ ਛਕੋ’ ਦੇ ਸਿਧਾਂਤ ਨੂੰ ਅਮਲੀ ਜੀਵਨ ਵਿੱਚ ਉਤਾਰ ਕੇ ਉਹਨਾਂ ਦੇ ਨਾਮ ਹੇਠ ਵੱਡੇ ਵੱਡੇ ਕਮਿਉਨਿਟੀ ਕਾਰਜ ਨੇਪਰੇ ਚਾੜ੍ਹੇ ਗਏ ਹਨ , ਉਹਨਾਂ ਵਿੱਚ ਗੁਰੂ ਜੀ ਦੀ ਪ੍ਰੇਰਣਾ ਨਜ਼ਰ ਆਉਂਦੀ ਹੈ।

ਯੂਨੀਵਰਸਿਟੀ ਔਫ਼ ਕੈਲਗਰੀ ਦੀ ਸੈਨੇਟ ਦੇ ਮੈਂਬਰ ਤੇ ਰੇਡੀਓ ਰੈਡ ਐਫ ਐਮ ਦੇ ਨਿਊਜ਼ ਡਾਇਰੈਕਟਰ ਰਿਸ਼ੀ ਨਾਗਰ ਨੇ ਗੁਰੂ ਨਾਨਕ ਦੇਵ ਜੀ ਦੇ ‘ੴ’ ਦੇ ਸਿਧਾਂਤ ਅਤੇ ਸਮੁੱਚੀ ਮਨੁੱਖਤਾ ਨੂੰ ਇਕ ਮਾਲਾ ਵਿਚ ਪਿਰੋਏ ਜਾਣ ਦੇ ਗੁਰੂ ਸਾਹਿਬ ਦੇ ਸੰਦੇਸ਼ ਨੂੰ ਬਾਖੂਬੀ ਬਿਆਨ ਕੀਤਾ। ਸਰਬ ਅਕਾਲ ਮਿਊਜ਼ਿਕ ਸੁਸਾਇਟੀ ਦੇ ਸੰਸਥਾਪਕ ਹਰਜੀਤ ਸਿੰਘ ਦੀ ਅਗਵਾਈ ਵਿਚ ਬੱਚੀਆਂ ਨੇ ਰਸ ਭਿੰਨਾ ਕੀਤਰਤਨ ਕੀਤਾ।

ਮੁਖ ਮਹਿਮਾਨ, ਸੂਬੇ ਦੇ ਪ੍ਰੀਮੀਅਰ ਜੇਸਨ ਕੈਨੀ ਨੇ ਸਿੱਖ ਫਲਸਫੇ ਦਾ ਜ਼ਿਕਰ ਕਰਦਿਆਂ ਸਿੱਖਾਂ ਵੱਲੋਂ ਕੈਨੇਡਾ ਅਤੇ ਐਲਬਰਟਾ ਦੇ ਵਿਕਾਸ ਵਿੱਚ ਪਾਏ ਗਏ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕੈਲਗਰੀ ‘ਚ ਰੈਡ ਐਫ ਐਮ ਰੇਡੀਓਥੌਨਾਂ ਰਾਹੀਂ 25 ਲੱਖ ਡਾਲਰ ਦੇ ਕਰੀਬ ਰਕਮ ਦਾਨ ਕਰਕੇ ਸਿੱਖ ਭਾਈਚਾਰੇ ਨੇ ਕਦੀ ਨਾ ਖ਼ਤਮ ਹੋਣ ਵਾਲੀ ਪੈੜ ਛੱਡੀ ਹੈ ਉਹਨਾਂ ਨੇ ਗੁਰਪੁਰਬ ਦੇ ਮੌਕੇ ਸਮੂਹ ਸੰਗਤ ਨੂੰ ਵਧਾਈ ਦਿੱਤੀ। ਹਰਜੀਤ ਸਿੰਘ ਹੁਰਾਂ ਵੱਲੋਂ ਕੀਤੀ ਅਰਦਾਸ ਨਾਲ ਪ੍ਰੋਗਰਾਮ ਦੀ ਸਮਾਪਤੀ ਹੋਈ। ਬਾਦ ਵਿੱਚ ਲੰਗਰ ਵੀ ਵਰਤਾਇਆ ਗਿਆ। ਇਸ ਪ੍ਰੋਗਰਾਮ ਵਿੱਚ ਵਿਧਾਨ ਸਭਾ ਸਪੀਕਰ ਨੇਥਨ ਕੂਪਰ, ਐੱਮਪੀ ਜਸਰਾਜ ਹੱਲਣ, ਇਨਫ੍ਰਾਸਟ੍ਰਕਚਰ ਮਨਿਸਟਰ ਪ੍ਰਸਾਦ ਪਾਂਡਾ, ਐੱਮਐੱਲਏ ਇਰਫਾਨ ਸਾਬਿਰ, ਦਵਿੰਦਰ ਤੂਰ, ਕੈਲਗਰੀ ਅਤੇ ਐਡਮੰਟਨ ਦੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਮੁਖੀ ਤੇ ਮੈਂਬਰਾਨ, ਐਲਬਰਟਾ ਦੇ ਵੱਖ ਵੱਖ ਸ਼ਹਿਰਾਂ ਤੋਂ ਆਏ ਸਿੱਖ ਭਾਈਚਾਰੇ ਦੇ ਪ੍ਰਤੀਨਿਧਾਂ, ਮੀਡੀਆ ਦੇ ਵੱਖ ਵੱਖ ਮੈਂਬਰਾਂ ਸਮੇਤ ਕਈ ਪਤਵੰਤੇ ਹਾਜ਼ਰ ਸਨ।

Posted By: Seema Anand