ਓਂਟਾਰੀਓ (ਏਜੰਸੀ) : ਦੁਨੀਆ ਭਰ ਦੇ ਹਿੰਦੂ 19 ਜਨਵਰੀ, 1990 ਦੇ ਕਾਲੇ ਦਿਨਾਂ ਨੂੰ ਨਹੀਂ ਭੁੱਲ ਸਕੇ, ਜਦੋਂ ਪਾਕਿਸਤਾਨੀ ਅੱਤਵਾਦ ਕਾਰਨ ਚਾਰ ਲੱਖ ਪੰਡਤਾਂ ਨੂੰ ਕਸ਼ਮੀਰ ਤੋਂ ਹਿਜਰਤ ਕਰਨੀ ਪਈ ਸੀ। ਇਸ ਦਿਨ ਨੂੰ ਯਾਦ ਕਰਦੇ ਹੋਏ ਕੈਨੇਡਾ ਦੇ ਸ਼ਹਿਰਾਂ 'ਚ ਟਰੱਕ 'ਚ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸਦੇ ਜ਼ਰੀਏ ਕਸ਼ਮੀਰੀ ਪੰਡਤਾਂ ਦੇ ਕਤਲੇਆਮ ਦੇ ਬਾਰੇ ਜਾਣਕਾਰੀ ਦੇ ਕੇ ਪਾਕਿਸਤਾਨੀ ਕਰਤੂਤਾਂ ਨੂੰ ਸਾਹਮਣੇ ਲਿਆਂਦਾ ਜਾ ਰਿਹਾ ਹੈ।

ਇਹ ਪ੍ਰੋਗਰਾਮ ਇੰਡੋ-ਕੈਨੇਡੀਅਨ ਕਸ਼ਮੀਰ ਫੋਰਮ ਤੇ ਹਿੰਦੂ ਫੋਰਮ ਕੈਨੇਡਾ ਨੇ ਕੀਤਾ ਹੈ। ਮੁਹਿੰਮ 'ਚ ਟਰੱਕ ਜ਼ਰੀਏ ਕੈਨੇਡਾ 'ਚ ਪਾਕਿਸਤਾਨੀ ਕਰਤੂਤਾਂ ਦਾ ਚਿੱਠਾ ਖੋਲਿ੍ਹਆ ਜਾ ਰਿਹਾ ਹੈ। ਇੱਥੇ ਸਿੱਖਾਂ ਸਮੇਤ ਸਮੁੱਚੇ ਹਿੰਦੂਆਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅਪੀਲ ਕੀਤੀ ਹੈ ਕਿ ਉਹ ਅੱਤਵਾਦ ਫੈਲਾਉਣ ਵਾਲੇ ਪਾਕਿਸਤਾਨ ਦੇ ਖ਼ਿਲਾਫ਼ ਸੰਸਦ 'ਚ ਮਤਾ ਪਾਸ ਕਰਨ। ਮੁਹਿੰਮ ਦੌਰਾਨ ਇਹ ਟਰੱਕ ਕੈਨੇਡਾ ਦੇ ਕਈ ਸੂਬਿਆਂ ਤੋਂ ਲੰਘ ਰਿਹਾ ਹੈ। ਇਸਦਾ ਸਹਿਯੋਗ ਰਸਤੇ 'ਚ ਪੈਣ ਵਾਲੇ ਸਾਰੇ ਪ੍ਰਮੁੱਖ ਗੁਰਦੁਆਰਿਆਂ ਵੱਲੋਂ ਕੀਤਾ ਜਾ ਰਿਹਾ ਹੈ। ਸਿੱਖ ਭਾਈਚਾਰਾ ਵੀ ਲੰਬੇ ਸਮੇਂ ਤਕ ਪਾਕਿ ਸਪਾਂਸਰਡ ਅੱਤਵਾਦ ਤੋਂ ਪੀੜਤ ਰਿਹਾ ਹੈ।

ਮੁਹਿੰਮ 'ਤੇ ਕੈਨੇਡਾ ਦੇ ਸੰਸਦ ਮੈਂਬਰ ਬੌਬ ਸਰੋਯਾ ਨੇ ਕਿਹਾ ਕਿ ਮਨੁੱਖਤਾ ਦੇ ਖ਼ਿਲਾਫ਼ ਕਸ਼ਮੀਰੀ ਪੰਡਤਾਂ ਵਾਂਗ ਹੋਣ ਵਾਲੇ ਕਤਲੇਆਮ 'ਤੇ ਅੰਤਰਰਾਸ਼ਟਰੀ ਫਿਰਕੇ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।